ਕਜ਼ਾਕਿਸਤਾਨ ਵਿੱਚ ਗਲੋਬਲ ਸਟੀਲ ਕੰਪਨੀ ਆਰਸੇਲਰਮਿੱਤਲ ਦੀ ਇੱਕ ਖਾਨ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸਰਕਾਰ ਨੂੰ ਕੰਪਨੀ ਨਾਲ ਨਿਵੇਸ਼ ਸਹਿਯੋਗ ਖਤਮ ਕਰਨ ਦਾ ਹੁਕਮ ਦੇਣਾ ਪਿਆ। ਐਮਰਜੈਂਸੀ ਸਥਿਤੀਆਂ ਬਾਰੇ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਸ਼ਾਮ 4 ਵਜੇ ਤੱਕ ਕੋਸਟਯੇਨਕੋ ਖਾਨ ਵਿਚ 32 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ, ਉੱਥੇ ਹੀ 18 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਇਹ ਕੰਪਨੀ ਲਕਸਮਬਰਗ ਸਥਿਤ ਸਟੀਲ ਨਿਰਮਾਤਾ ਦੀ ਸਥਾਨਕ ਇਕਾਈ ਹੈ, ਜਿਸ ਬਾਰੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਕਿਹਾ ਕਿ ਸਟੀਲ ਦੀ ਦਿੱਗਜ ਆਰਸੇਲਰਮਿੱਤਲ ਸਾਡੇ ਇਤਿਹਾਸ ਦੀ ਸਭ ਤੋਂ ਖਰਾਬ ਕੰਪਨੀ ਹੈ। ਟੋਕਾਯੇਵ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ 29 ਅਕਤੂਬਰ ਨੂੰ ਰਾਸ਼ਟਰੀ ਸੋਗ ਦਿਵਸ ਮਨਾਉਣ ਦੇ ਹੁਕਮ ਵੀ ਦਿੱਤੇ। ਇੰਨਾ ਹੀ ਨਹੀਂ, ਰਾਸ਼ਟਰਪਤੀ ਨੇ ਆਪਣੀ ਕੈਬਨਿਟ ਨੂੰ ਆਰਸੇਲਰਮਿੱਤਲ ਤੇਮਿਰਤੌ ਨਾਲ ਨਿਵੇਸ਼ ਸਹਿਯੋਗ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਹਾਦਸੇ ਤੋਂ ਬਾਅਦ ਖਾਨ ਦੇ ਸੰਚਾਲਕ ਨੇ ਦੱਸਿਆ ਕਿ ਮੀਥੇਨ ਧਮਾਕੇ ਤੋਂ ਬਾਅਦ ਖਾਨ ‘ਚੋਂ 252 ਲੋਕਾਂ ‘ਚੋਂ 206 ਨੂੰ ਬਾਹਰ ਕੱਢਿਆ ਗਿਆ, ਕਈ ਲੋਕ ਗੰਭੀਰ ਰੂਪ ‘ਚ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਿਕ ਸ਼ਨੀਵਾਰ ਦੁਪਹਿਰ 3 ਵਜੇ ਤੱਕ ਕਰੀਬ 18 ਲੋਕਾਂ ਦਾ ਪਤਾ ਨਹੀਂ ਲੱਗ ਸਕਿਆ।