ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦਾ ਸੋਸ਼ਲ ਮੀਡੀਆ ‘ਤੇ ਬਾਈਕਾਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਲਾਲ ਸਿੰਘ ਚੱਢਾ ਦੀ ਰਿਲੀਜ਼ ‘ਚ ਸਿਰਫ਼ 10 ਦਿਨ ਬਾਕੀ ਰਹਿ ਜਾਣ ‘ਤੇ ਫ਼ਿਲਮ ਦੇ ਇਸ ਬਾਈਕਾਟ ਦੀ ਮੁਹਿੰਮ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਦੌਰਾਨ ‘ਲਾਲ ਸਿੰਘ ਚੱਢਾ’ ਦੀ ਲੀਡ ਅਦਾਕਾਰਾ ਕਰੀਨਾ ਕਪੂਰ ਨੇ ਵੀ ਆਪਣੀ ਚੁੱਪੀ ਤੋੜਦੇ ਹੋਏ ਫਿਲਮ ‘ਤੇ ਹੋ ਰਹੇ ਵਿਰੋਧ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਇੱਕ ਰਿਪੋਰਟ ਮੁਤਾਬਿਕ ਕਰੀਨਾ ਕਪੂਰ ਖਾਨ ਨੇ ਲਾਲ ਸਿੰਘ ਚੱਢਾ ਦੇ ਬਾਈਕਾਟ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਕਰੀਨਾ ਨੇ ਕਿਹਾ ਕਿ – ”ਮੈਂ ਦੇਖਿਆ ਹੈ ਕਿ ਕੁੱਝ ਲੋਕ ਸਾਡੀ ਫਿਲਮ ਦੇ ਬਾਈਕਾਟ ਦਾ ਪ੍ਰਚਾਰ ਕਰ ਰਹੇ ਹਨ। ਇਸ ਵਿੱਚ ਕੋਈ ਹਰਜ਼ ਨਹੀਂ ਹੈ, ਲੋਕਾਂ ਨੂੰ ਕੁਝ ਚੀਜ਼ਾਂ ਪਸੰਦ ਹਨ ਅਤੇ ਕੁਝ ਨਹੀਂ, ਇਹ ਉਨ੍ਹਾਂ ਦੀ ਆਪਣੀ ਮਰਜ਼ੀ ਦੀ ਗੱਲ ਹੈ। ਮੈਂ ਵੀ ਸੋਸ਼ਲ ਮੀਡੀਆ ‘ਤੇ ਆਪਣੀ ਪਸੰਦ-ਨਾਪਸੰਦ ਦੇ ਹਿਸਾਬ ਨਾਲ ਗੱਲਾਂ ਸਾਂਝੀਆਂ ਕਰਦੀ ਹਾਂ ਪਰ ਜੇਕਰ ਸਾਡੀ ਫਿਲਮ ਚੰਗੀ ਨਿਕਲੀ ਤਾਂ ਇਹ ਲੋਕ ਕੀ ਕਰਨਗੇ। ਮੇਰਾ ਮੰਨਣਾ ਹੈ ਕਿ ਜੇਕਰ ਕੋਈ ਫਿਲਮ ਚੰਗੀ ਹੋਵੇਗੀ ਤਾਂ ਉਹ ਹਰ ਮੁਸ਼ਕਿਲ ਪੜਾਅ ਨੂੰ ਪਾਰ ਕਰੇਗੀ ਅਤੇ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਵੇਗੀ। ਅਜਿਹੇ ‘ਚ ਸਾਨੂੰ ਵਿਰੋਧ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਅੱਗੇ ਵੱਧਣਾ ਚਾਹੀਦਾ ਹੈ।” ਹਾਲਾਂਕਿ ਅਸੀਂ ਕਰੀਨਾ ਦੇ ਇਸ ਬਿਆਨ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਸਕਦੇ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਲ ਸਿੰਘ ਚੱਢਾ ਬਾਈਕਾਟ ਟਰੈਂਡ ਕਰ ਰਿਹਾ ਹੈ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਕਾਪੀ ਹੈ। ਇਸ ਦੇ ਨਾਲ ਹੀ ਪਿਛਲੇ ਦਿਨੀਂ ਫਿਲਮ ਦੇ ਅਦਾਕਾਰ ਆਮਿਰ ਖਾਨ ਵੱਲੋਂ ਦਿੱਤੇ ਗਏ ਕੁੱਝ ਵਿਵਾਦਤ ਬਿਆਨਾਂ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ। ਅਜਿਹੇ ‘ਚ 11 ਅਗਸਤ ਨੂੰ ਲਾਲ ਸਿੰਘ ਚੱਢਾ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਦਿਲਚਸਪ ਹੋਵੇਗਾ।