ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਟਵਿਟਰ ‘ਤੇ ਨਾ ਹੋਣ ਦਾ ਕਾਰਨ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਵਾਲੇ ਮੁੱਦੇ ‘ਤੇ ਵੀ ਗੱਲਬਾਤ ਕੀਤੀ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਕਰੀਨਾ ਨੇ ਕਿਹਾ ਕਿ, ‘ਹਰ ਰੋਜ਼ ਕੁੱਝ ਅਜਿਹਾ ਹੁੰਦਾ ਹੈ ਜਿਸ ਲਈ ਸਾਨੂੰ ਟ੍ਰੋਲ ਕੀਤਾ ਜਾਂਦਾ ਹੈ। ਇਸ ਲਈ ਮੈਂ ਟਵਿੱਟਰ ‘ਤੇ ਵੀ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਲੋਕਾਂ ਲਈ ਹੈ ਜੋ ਸਿਰਫ਼ ਆਪਣਾ ਗੁੱਸਾ ਕੱਢਣਾ ਚਾਹੁੰਦੇ ਹਨ। ਮੈਂ ਆਪਣੇ ਬੱਚਿਆਂ, ਪਰਿਵਾਰ ਅਤੇ ਕੰਮ ਵਿੱਚ ਬਹੁਤ ਵਿਅਸਤ ਹਾਂ। ਮੇਰੇ ਕੋਲ ਇਸ ਲਈ ਸਮਾਂ ਨਹੀਂ ਹੈ।’
ਫੋਰੈਸਟ ਗੰਪ ਬਾਰੇ ਗੱਲ ਕਰਦੇ ਹੋਏ ਕਰੀਨਾ ਨੇ ਕਿਹਾ, ”ਕੋਈ ਵਿਅਕਤੀ ਜੋ ਸ਼ਾਇਦ ਅੰਗਰੇਜ਼ੀ ਨਹੀਂ ਬੋਲ ਸਕਦਾ, ਉਹ ਫਿਲਮ ਦੇਖਣ ਜਾਵੇਗਾ। ਇਹ ਕਹਾਣੀ ਲਈ ਉਸ ਦਾ ਪਿਆਰ ਹੈ, ਜਿਸਦਾ ਪਤਾ ਉਸ ਨੂੰ ਟ੍ਰੇਲਰ ਤੋਂ ਪਤਾ ਲੱਗਾ ਹੈ, ਨਾ ਕਿ ਇਸ ਲਈ ਕਿ ਇਹ ਕਿਸੇ ਹਾਲੀਵੁੱਡ ਫਿਲਮ ਦਾ ਰੀਮੇਕ ਹੈ। ਫਿਲਮ ਨੂੰ ਤਾਮਿਲ ਅਤੇ ਤੇਲਗੂ ਵਿੱਚ ਵੀ ਡਬ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਸਨੂੰ ਆਪਣੀ ਭਾਸ਼ਾ ਵਿੱਚ ਦੇਖ ਸਕਣ ਅਤੇ ਫਿਲਮ ਦਾ ਆਨੰਦ ਲੈ ਸਕਣ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਦੁਨੀਆ ਵਿੱਚ ਹਰ ਕਿਸੇ ਨੇ ਫੋਰੈਸਟ ਗੰਪ ਨਹੀਂ ਦੇਖਿਆ ਹੈ।