ਸੁਪਰਸਟਾਰ ਆਮਿਰ ਖ਼ਾਨ ਇਸ ਲਈ ਮਸ਼ਹੂਰ ਹਨ ਕਿ ਉਹ ਹਰ ਫ਼ਿਲਮ ਨੂੰ ਬਹੁਤ ਸ਼ਿੱਦਤ ਨਾਲ ਕਰਦੇ ਹਨ ਅਤੇ ਇਸ ਸਮੇਂ ਉਹ ਫ਼ਿਲਮ ‘ਲਾਲ ਸਿੰਘ ਚੱਡਾ’ ‘ਚ ਰੁਝੇ ਹੋਏ ਹਨ। ਇਸ ਸਮੇਂ ਆਮਿਰ ਖ਼ਾਨ ਨੇ ਫਿਰ ਤੋਂ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ‘ਚ ਆਮਿਰ ਅਤੇ ਕਰੀਨਾ ਕਪੂਰ ਖ਼ਾਨ ਨੂੰ ਇਕਠਿਆਂ ਮੁੰਬਈ ‘ਚ ਸਪਾਟ ਕੀਤਾ ਗਿਆ ਸੀ। ਆਮਿਰ ਖ਼ਾਨ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਕਰੀਨਾ ਕਪੂਰ ਖ਼ਾਨ ਦੀ ਪ੍ਰੈਗਨੈਂਸੀ ਕਾਰਨ ਰੋਕਣੀ ਪਈ ਸੀ।
ਹੁਣ ਕਰੀਨਾ ਦੀ ਡਿਲੀਵਰੀ ਦੇ ਕੁੱਝ ਮਹੀਨਿਆਂ ਬਾਅਦ ਸ਼ੂਟਿੰਗ ਹੁਣ ਦੁਬਾਰਾ ਸ਼ੁਰੂ ਹੋਈ ਹੈ। ਕਰੀਨਾ ਕਪੂਰ ਅਤੇ ਆਮਿਰ ਖ਼ਾਨ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਫ਼ਿਲਮ ‘ਲਾਲ ਸਿੰਘ ਚੱਢਾ’ ਕਾਰਨ ਸੁਰਖੀਆਂ ‘ਚ ਹਨ, ਜਿਸ ‘ਚ ਆਮਿਰ ਇੱਕ ਸ਼ਾਨਦਾਰ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਆਮਿਰ ਕਦੇ ਵੀ ਅਜਿਹੇ ਕਿਰਦਾਰ ‘ਚ ਨਜ਼ਰ ਨਹੀਂ ਆਏ। ਇਸ ਸਮੇਂ ‘ਲਾਲ ਸਿੰਘ ਚੱਢਾ’ ਤੋਂ ਇਲਾਵਾ ਆਮਿਰ ਦੇ ਦਿਮਾਗ ‘ਚ ਹੋਰ ਕੁੱਝ ਨਹੀਂ ਹੈ। ਉਹ ਆਖਰੀ ਵਾਰ ‘ਠਗਸ ਆਫ ਹਿੰਦੋਸਤਾਨ’ ‘ਚ ਨਜ਼ਰ ਆਏ ਸਨ ਪਰ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ ਸੀ। ਇਹੀ ਕਾਰਨ ਹੈ ਕਿ ਉਹ ਫ਼ਿਲਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਜੋਖਮ ਨਹੀਂ ਲੈਣਾ ਚਾਹੁੰਦੇ।