ਖੰਨਾ ਨੇੜਲੇ ਪਿੰਡ ਘੁਰਾਲਾ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਦਰਿਆਦਿਲੀ ਦਿਖਾਈ ਹੈ। ਇਨ੍ਹੀਂ ਦਿਨੀਂ ਵਿਦੇਸ਼ ‘ਚ ਬੈਠੇ ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਰੀਬ 9 ਲੱਖ ਰੁਪਏ ਦਾ ਬੈਂਕ ਕਰਜ਼ਾ ਮੋੜ ਦਿੱਤਾ ਹੈ। ਜਿਸ ਤੋਂ ਬਾਅਦ ਇਸ ਖਿਡਾਰੀ ਅਤੇ ਉਸਦੇ ਪਰਿਵਾਰ ਨੂੰ ਆਪਣੇ ਘਰ ਦੀ ਮਲਕੀਅਤ ਦੁਬਾਰਾ ਮਿਲ ਗਈ। ਇਸਤੋਂ ਪਹਿਲਾਂ ਤਰੁਣ ਆਪਣਾ ਘਰ ਗਿਰਵੀ ਰੱਖ ਕੇ ਦੇਸ਼ ਲਈ ਖੇਡ ਰਿਹਾ ਸੀ।
ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ- ”Thank you so much @karanaujla ji close my all bank loan and thank you to all NRI Punjabi and Indian brother halp me and support me for my bank loan।”
ਕਈ ਸਾਲ ਪਹਿਲਾਂ ਤਰੁਣ ਸ਼ਰਮਾ ਨੇ ਵਿਦੇਸ਼ੀ ਧਰਤੀ ‘ਤੇ ਖੇਡਣ ਲਈ ਆਪਣਾ ਘਰ ਕਰੀਬ 12 ਲੱਖ ਰੁਪਏ ‘ਚ ਗਿਰਵੀ ਰੱਖਿਆ ਸੀ। ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ। ਪਰ ਕਿਸੇ ਵੀ ਸਰਕਾਰ ਨੇ ਉਸਦੀ ਸਾਰ ਨਹੀਂ ਲਈ। ਜਿਸ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ।