ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਕਾਂਗਰਸ ਨੂੰ ਡਬਲ ਝਟਕਾ ਲੱਗਾ ਹੈ। ਜਲੰਧਰ ਤੋਂ ਮਰਹੂਮ ਸੰਸਦ ਮੈਂਬਰ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਤੋਂ ਇਲਾਵਾ ਤਜਿੰਦਰ ਸਿੰਘ ਬਿੱਟੂ ਵੀ ਭਾਜਪਾ ‘ਚ ਸ਼ਾਮਲ ਹੋ ਗਏ। ਜਲੰਧਰ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਚੌਧਰੀ ਪਰਿਵਾਰ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਸੀ। ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਰਮਜੀਤ ਕੌਰ ਨੇ ਜਲੰਧਰ ਤੋਂ ਉਪ ਚੋਣ ਲੜੀ ਸੀ। ਹਾਲਾਂਕਿ ਉਹ ‘ਆਪ’ ਦੇ ਸੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਕਰਮਜੀਤ ਚੌਧਰੀ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਤੋਂ ਵਿਧਾਇਕ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਵਾਰ ਚੌਧਰੀ ਪਰਿਵਾਰ ਜਲੰਧਰ ਤੋਂ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਕਾਂਗਰਸ ਵੱਲੋਂ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਇਸ ਲਈ ਬਿਕਰਮ ਚੌਧਰੀ ਨੇ ਬਾਗੀ ਸੁਰ ਅਪਣਾਇਆ।