ਪਾਕਿਸਤਾਨ ਦੇ ਕਰਾਚੀ ‘ਚ ਪੁਲਿਸ ਹੈੱਡਕੁਆਰਟਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਪਾਕਿਸਤਾਨੀ ਮੀਡੀਆ ਮੁਤਾਬਿਕ ਹੈੱਡਕੁਆਰਟਰ ‘ਚ 10 ਤੋਂ ਵੱਧ ਅੱਤਵਾਦੀ ਮੌਜੂਦ ਹਨ। ਇਸ ਦੇ ਨਾਲ ਹੀ ਅਤਿਵਾਦੀ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਅੰਦਰ ਵੀ ਦਾਖ਼ਲ ਹੋ ਗਏ ਹਨ। ਕਰਾਚੀ ਪੁਲਿਸ ਦਫ਼ਤਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸਾਰੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ।
ਹਮਲਾਵਰਾਂ ਨੇ ਪੁਲਿਸ ਹੈੱਡਕੁਆਰਟਰ ਦੇ ਪਿੱਛੇ ਤੋਂ ਗ੍ਰੇਨੇਡ ਸੁੱਟੇ ਅਤੇ ਬਾਅਦ ਵਿਚ ਉਨ੍ਹਾਂ ਨੇ ਚਾਰ ਮੰਜ਼ਿਲਾ ਇਮਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਜਦੋਂ ਹਮਲਾਵਰਾਂ ਨੇ ਧਮਾਕਾ ਕੀਤਾ ਅਤੇ ਗੋਲੀਬਾਰੀ ਕੀਤੀ ਤਾਂ ਪੁਲਿਸ ਮੁਖੀ ਦੇ ਦਫ਼ਤਰ ਵਿੱਚ ਸਟਾਫ਼ ਅਜੇ ਮੌਜੂਦ ਸੀ। ਪੁਲਿਸ ਹੈੱਡਕੁਆਰਟਰ ਵਿਖੇ ਭਾਰੀ ਪੁਲਿਸ ਫੋਰਸ ਪਹੁੰਚ ਗਈ ਹੈ।
ਅੱਤਵਾਦੀਆਂ ਦੇ ਆਉਣ ਤੋਂ ਬਾਅਦ ਥਾਣਾ ਮੁਖੀ ਦੇ ਦਫਤਰ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਹਮਲਾਵਰਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਠਿਕਾਣਿਆਂ ਦੀ ਪੁਸ਼ਟੀ ਕਰ ਰਹੇ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਿਕ ਅੱਤਵਾਦੀ ਦੂਜੇ ਐਂਟਰੀ ਗੇਟ ਤੋਂ ਇਮਾਰਤ ‘ਚ ਦਾਖਲ ਹੋਏ ਸਨ। ਇਸ ਦੇ ਨਾਲ ਹੀ ਅੱਤਵਾਦੀਆਂ ਨਾਲ ਘਿਰੇ ਪੁਲਿਸ ਅਧਿਕਾਰੀ ਨੇ ਸਾਥੀ ਅਧਿਕਾਰੀਆਂ ਨੂੰ ਸੁਨੇਹਾ ਦਿੱਤਾ ਕਿ ਪੁਲਿਸ ਮੁਖੀ ਦੇ ਦਫ਼ਤਰ ਵਿੱਚ 10 ਤੋਂ ਵੱਧ ਹਮਲਾਵਰ ਗਰੁੱਪਾਂ ਵਿੱਚ ਵੰਡੇ ਹੋਏ ਹਨ। ਹਮਲਾਵਰ ਕਰਾਚੀ ਪੁਲਿਸ ਦਫ਼ਤਰ (ਕੇਓਪੀ) ਦੇ ਪਿਛਲੇ ਰਸਤੇ ਤੋਂ ਭਾਰੀ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਟੀਮ ‘ਤੇ ਗੋਲੀਬਾਰੀ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਮੀਆਂਵਾਲੀ ਥਾਣੇ ‘ਤੇ ਹਮਲਾ ਕੀਤਾ ਸੀ। ਫਿਲਹਾਲ ਪੁਲਿਸ ਹੈੱਡਕੁਆਰਟਰ ਨੂੰ ਪੁਲਿਸ ਅਤੇ ਰੇਂਜਰਾਂ ਦੀ ਭਾਰੀ ਨਫ਼ਰੀ ਨੇ ਘੇਰ ਲਿਆ ਹੈ। ਅੱਤਵਾਦੀਆਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ‘ਚ ਇੱਕ ਬਚਾਅ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਦੋ ਅੱਤਵਾਦੀ ਵੀ ਮਾਰੇ ਗਏ ਹਨ।