ਪਿਛਲੇ ਕਾਫੀ ਸਮੇਂ ਤੋਂ ਅਦਾਕਾਰਾ ਕੰਗਨਾ ਰਣੌਤ ਦੇ ਚੰਡੀਗੜ੍ਹ ਤੋਂ ਭਾਜਪਾ ਦੀ ਟਿਕਟ ‘ਤੇ ਅਗਲੀ ਲੋਕ ਸਭਾ ਚੋਣ ਲੜਨ ਦੀ ਚਰਚਾ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਅਦਾਕਾਰਾ ਕੰਗਨਾ ਨੇ ਖੁਦ ਇਨ੍ਹਾਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਚੋਣ ਲੜਨ ਦੀ ਖਬਰ ਸਾਂਝੀ ਕਰਦਿਆਂ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਅਜਿਹੀਆਂ ਖ਼ਬਰਾਂ ਨੂੰ ਅਟਕਲਾਂ ਕਰਾਰ ਦਿੱਤਾ ਹੈ।
ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਚੰਡੀਗੜ੍ਹ ‘ਚ ਟਿਕਟ ਦੇ ਕਈ ਦਾਅਵੇਦਾਰ ਸਾਹਮਣੇ ਆਉਣ ਲੱਗੇ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਵਿੱਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਸਿਰਫ ਕਿਆਸ ਅਰਾਈਆਂ ਹੀ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਕੁਝ ਦਿਨ ਪਹਿਲਾਂ ਕੰਗਨਾ ਦੇ ਭਾਜਪਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੇ ਆਮ ਆਦਮੀ ਪਾਰਟੀ ਤੋਂ ਚੋਣ ਲੜਨ ਦੀਆਂ ਅਫਵਾਹਾਂ ਫੈਲੀਆਂ ਸਨ।
ਕੰਗਨਾ ਨੇ ਆਪਣੀ ਇੰਸਟਾ ਸਟੋਰੀ ‘ਚ ਨਿਊਜ਼ ਆਰਟੀਕਲ ਸ਼ੇਅਰ ਕੀਤਾ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਉਹ ਚੋਣ ਲੜੇਗੀ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਸ ਦੇ ਚੋਣ ਲੜਨ ਦੀ ਕੋਈ ਵੀ ਚਰਚਾ ਜਾਂ ਖਬਰ ਅਫਵਾਹ ਹੈ। ਉਨ੍ਹਾਂ ਦੇ ਚੋਣ ਲੜਨ ਦੀਆਂ ਸਾਰੀਆਂ ਖਬਰਾਂ ਸਿਰਫ ਕਿਆਸ ਅਰਾਈਆਂ ਹਨ ਹੋਰ ਕੁਝ ਨਹੀਂ। ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਲਿਖਿਆ- ਮੇਰੇ ਰਿਸ਼ਤੇਦਾਰ ਅਤੇ ਦੋਸਤ ਉਕਤ ਨਿਊਜ਼ ਆਰਟੀਕਲ ਦੀ ਹੈਡਿੰਗ ਨੂੰ ਮੇਰਾ ਬਿਆਨ ਮੰਨ ਕੇ ਭੇਜ ਰਹੇ ਹਨ, ਪਰ ਹੈਡਿੰਗ ਮੇਰਾ ਬਿਆਨ ਨਹੀਂ ਹੈ, ਇਹ ਸਭ ਅਟਕਲਾਂ ਹਨ।