ਵੀਰਵਾਰ ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ‘ਚ ਪੇਸ਼ ਹੋਈ ਹੈ। ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਵੀਰਵਾਰ ਨੂੰ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਹੈ। ਸੋਸ਼ਲ ਮੀਡੀਆ ‘ਤੇ ਸਿੱਖ ਭਾਈਚਾਰੇ ਨਾਲ ਸਬੰਧਤ ਟਿੱਪਣੀਆਂ ਨੂੰ ਲੈ ਕੇ ਅਮਰਜੀਤ ਸਿੰਘ ਸੰਧੂ ਦੀ ਸ਼ਿਕਾਇਤ ਤੋਂ ਬਾਅਦ ਕੰਗਣਾ ਖ਼ਿਲਾਫ਼ ਆਈਪੀਸੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੱਸ ਦੇਈਏ ਕਿ ਕੰਗਣਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ ਜਿਸ ‘ਚ ਉਸ ਨੇ ਕਿਸਾਨਾਂ ਅਤੇ ਸਿੱਖਾਂ ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਭਾਰਤ ਭਰ ‘ਚ ਕਈ ਥਾਵਾਂ ‘ਤੇ ਕੰਗਣਾ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮੁੰਬਈ ਪੁਲਿਸ ਨੇ ਕੰਗਣਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।