ਹਾਰਦਿਕ ਪਾਂਡਿਆ ਦੀ ਅਗਵਾਈ ‘ਚ ਟੀਮ ਇੰਡੀਆ ਨੇ ਦੂਜੇ ਟੀ-20 ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਤੀਜਾ ਮੈਚ 22 ਨੂੰ ਖੇਡਿਆ ਜਾਣਾ ਹੈ। ਸੀਰੀਜ਼ ‘ਚ ਪਿੱਛੇ ਰਹਿਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਕਪਤਾਨ ਕੇਨ ਵਿਲੀਅਮਸਨ ਤੀਜੇ ਟੀ-20 ਤੋਂ ਬਾਹਰ ਹਨ। ਜਾਣਕਾਰੀ ਮੁਤਾਬਿਕ ਕੇਨ ਵਿਲੀਅਮਸਨ ਮੈਡੀਕਲ ਕਾਰਨਾਂ ਕਰਕੇ ਤੀਜੇ ਟੀ-20 ਮੈਚ ‘ਚ ਨਹੀਂ ਖੇਡ ਸਕਣਗੇ। ਇਹ ਮੈਚ 22 ਨਵੰਬਰ ਨੂੰ ਨੇਪੀਅਰ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 12.00 ਵਜੇ ਖੇਡਿਆ ਜਾਣਾ ਹੈ।
ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ ‘ਚ ਤੀਜੇ ਟੀ-20 ‘ਚ ਟੀਮ ਦੀ ਅਗਵਾਈ ਟਿਮ ਸਾਊਦੀ ਕਰਨਗੇ, ਜਦਕਿ ਮਾਰਕ ਚੈਪਮੈਨ ਨੂੰ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਮੁਤਾਬਿਕ ਕੇਨ ਵਿਲੀਅਮਸਨ ਦੀ ਮੈਡੀਕਲ appointment ਹੈ, ਉਹ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ। ਪਰ ਇਹ ਸਮਾਂ-ਸਾਰਣੀ ਨਾਲ ਮੇਲ ਨਹੀਂ ਖਾਂ ਸਕਿਆ। ਕੇਨ ਵਿਲੀਅਮਸਨ ਹਾਲਾਂਕਿ ਵਨਡੇ ਸੀਰੀਜ਼ ‘ਚ ਵਾਪਸੀ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਟੀ-20 ਮੈਚ ਖੇਡਿਆ ਗਿਆ ਸੀ। ਇਸ ਮੈਚ ‘ਚ ਟੀਮ ਇੰਡੀਆ ਨੇ 65 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 191 ਦੌੜਾਂ ਬਣਾਈਆਂ ਸਨ, ਜਿਸ ਵਿੱਚ ਸੂਰਿਆਕੁਮਾਰ ਯਾਦਵ ਦੀਆਂ 111 ਦੌੜਾਂ ਦੀ ਪਾਰੀ ਸ਼ਾਮਿਲ ਸੀ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ ਸਿਰਫ 126 ਦੌੜਾਂ ‘ਤੇ ਸਿਮਟ ਗਈ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ 61 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ ਸੀ।