ਫਿਲਹਾਲ ਸਾਰੀਆਂ ਟੀਮਾਂ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ‘ਚ ਰੁੱਝੀਆਂ ਹੋਈਆਂ ਹਨ। ਇਕ ਪਾਸੇ ਭਾਰਤ ਅਫਗਾਨਿਸਤਾਨ ਦੇ ਖਿਲਾਫ ਘਰੇਲੂ ਮੈਦਾਨ ‘ਤੇ ਸੀਰੀਜ਼ ਖੇਡ ਰਿਹਾ ਹੈ, ਉਥੇ ਹੀ ਦੂਜੇ ਪਾਸੇ ਨਿਊਜ਼ੀਲੈਂਡ ਪਾਕਿਸਤਾਨ ਖਿਲਾਫ ਘਰੇਲੂ ਮੈਦਾਨ ‘ਤੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡ ਰਿਹਾ ਹੈ। ਪਰ ਨਿਊਜ਼ੀਲੈਂਡ ਟੀਮ ਨੂੰ ਸੀਰੀਜ਼ ਦੇ ਦੂਜੇ ਮੈਚ ‘ਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਕਪਤਾਨ ਕੇਨ ਵਿਲੀਅਮਸਨ ਇਕ ਵਾਰ ਫਿਰ ਜ਼ਖਮੀ ਹੋ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਕੇਨ ਵਿਲੀਅਮਸਨ ਸੀਰੀਜ਼ ਦੇ ਆਖਰੀ ਤਿੰਨ ਮੈਚਾਂ ‘ਚ ਹਿੱਸਾ ਨਹੀਂ ਲੈਣਗੇ। ਕੇਨ ਵਿਲੀਅਮਸਨ ਜਦੋਂ ਪਿਛਲੇ ਐਤਵਾਰ ਨੂੰ ਦੂਜੇ ਟੀ-20 ਮੈਚ ‘ਚ ਬੱਲੇਬਾਜ਼ੀ ਕਰ ਰਹੇ ਸੀ ਤਾਂ ਉਨ੍ਹਾਂ ਦੇ ਗੋਡੇ ‘ਚ ਦਰਦ ਹੋਇਆ ਅਤੇ ਇਸ ਤੋਂ ਬਾਅਦ ਉਹ ਰਿਟਾਇਰ ਹੋ ਗਏ। ਵਿਲੀਅਮਸਨ ਇਸ ਮੈਚ ਤੋਂ ਬਾਅਦ ਆਪਣੇ ਘਰ ਪਰਤ ਆਏ ਹਨ ਅਤੇ ਸਕੈਨ ਕਰਵਾ ਰਹੇ ਹਨ।
ਕੁਝ ਸਮਾਂ ਪਹਿਲਾਂ ਗੋਡੇ ਦੀ ਸਰਜਰੀ ਤੋਂ ਬਾਅਦ ਕੇਨ ਵਿਲੀਅਮਸਨ ਵਾਪਸ ਪਰਤੇ ਸੀ, ਉਨ੍ਹਾਂ ਦੇ ਉਸੇ ਗੋਡੇ ਵਿੱਚ ਹੈਮਸਟ੍ਰਿੰਗ ਵਿੱਚ ਸਮੱਸਿਆ ਸੀ। ਇਸ ਕਾਰਨ ਉਹ ਕਾਫੀ ਪ੍ਰੇਸ਼ਾਨੀ ‘ਚ ਹਨ। ਚਿੰਤਾ ਦਾ ਵਿਸ਼ਾ ਇਹ ਹੈ ਕਿ ਕੇਨ ਵਿਲੀਅਮਸਨ ਦੀ ਸੱਟ ਕਿੰਨੀ ਗੰਭੀਰ ਹੈ ਕਿਉਂਕਿ ਉਹ ਪਹਿਲਾਂ ਹੀ ਦਰਦ ਕਾਰਨ ਵਨਡੇ ਵਿਸ਼ਵ ਕੱਪ ‘ਚ ਕੁਝ ਹੀ ਮੈਚ ਖੇਡ ਸਕੇ ਸਨ।