ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਕਾਮਰਾਨ ਅਕਮਲ ਦੇ ਘਰੋਂ ਬੱਕਰਾ ਚੋਰੀ ਹੋ ਗਿਆ ਹੈ। ਇਹ ਬੱਕਰਾ ਬਕਰੀਦ ਦੇ ਮੌਕੇ ‘ਤੇ ਕੁਰਬਾਨੀ ਦੇਣ ਲਈ ਖਰੀਦਿਆ ਗਿਆ ਸੀ, ਪਰ ਇਹ ਦੋ ਦਿਨ ਪਹਿਲਾਂ ਹੀ ਚੋਰੀ ਹੋ ਗਿਆ। ਬਕਰੀਦ ਦਾ ਤਿਉਹਾਰ ਇਸ ਸਾਲ 10 ਜੁਲਾਈ ਨੂੰ ਮਨਾਇਆ ਜਾਣਾ ਹੈ। ਅਕਮਲ ਦਾ ਪਰਿਵਾਰ ਇੱਕ ਦਿਨ ਪਹਿਲਾਂ ਬਲੀ ਲਈ ਛੇ ਬੱਕਰੇ ਲੈ ਕੇ ਆਇਆ ਸੀ। ਉਹ ਲਾਹੌਰ ਵਿੱਚ ਉਨ੍ਹਾਂ ਦੀ ਪ੍ਰਾਈਵੇਟ ਹਾਊਸਿੰਗ ਸੁਸਾਇਟੀ ਦੇ ਬਾਹਰ ਇਕੱਠੇ ਬੰਨ੍ਹੇ ਹੋਏ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਰੀ ਦੀ ਘਟਨਾ ਤੜਕੇ 3 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਬੱਕਰਿਆਂ ਦੀ ਰਾਖੀ ਕਰਨ ਵਾਲਾ ਨੌਕਰ ਸੌਂ ਰਿਹਾ ਸੀ।
ਅਕਮਲ ਦੇ ਪਿਤਾ ਮੁਹੰਮਦ ਅਕਮਲ ਅਨੁਸਾਰ ਇਨ੍ਹਾਂ ਛੇ ਬੱਕਰਿਆਂ ਵਿੱਚੋਂ ਲਾਪਤਾ ਬੱਕਰਾ ਸਭ ਤੋਂ ਵਧੀਆ ਸੀ ਅਤੇ ਇਸ ਦੀ ਕੀਮਤ 90,000 ਰੁਪਏ ਸੀ। ਕ੍ਰਿਕਟਰ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਬੱਕਰਾ ਬਰਾਮਦ ਕਰ ਲਿਆ ਜਾਵੇਗਾ ਅਤੇ ਹਾਊਸਿੰਗ ਸੁਸਾਇਟੀ ਦੇ ਸੁਰੱਖਿਆ ਗਾਰਡਾਂ ਵੱਲੋਂ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।