ਮੱਧ ਪ੍ਰਦੇਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕਮਲਨਾਥ ਅਤੇ ਨਕੁਲ ਨਾਥ ਜਲਦ ਹੀ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ। ਦਰਅਸਲ, ਕਮਲਨਾਥ ਆਪਣੇ ਬੇਟੇ ਨਕੁਲ ਨਾਥ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ। ਛਿੰਦਵਾੜਾ ਵਿੱਚ ਕਾਂਗਰਸ ਦੀ ਜਿੱਤ ਦਾ ਫਰਕ ਲਗਾਤਾਰ ਘਟਦਾ ਜਾ ਰਿਹਾ ਹੈ। ਭਾਜਪਾ ਨੇ ਛਿੰਦਵਾੜਾ ਨੂੰ ਆਪਣੀ ਕਮਜ਼ੋਰ ਸੂਚੀ ਵਿੱਚ ਰੱਖਿਆ ਹੈ ਅਤੇ ਪਿਛਲੇ 3 ਸਾਲਾਂ ਵਿੱਚ ਭਾਜਪਾ ਨੇ ਉੱਥੇ ਬਹੁਤ ਮਿਹਨਤ ਕੀਤੀ ਹੈ।
ਕਮਲਨਾਥ ਸ਼ੁੱਕਰਵਾਰ ਨੂੰ ਛਿੰਦਵਾੜਾ ‘ਚ ਜਨਤਾ ਦੇ ਸਾਹਮਣੇ ਭਾਸ਼ਣ ਦਿੰਦੇ ਹੋਏ ਭਾਵੁਕ ਹੋ ਗਏ ਸਨ। ਕਮਲਨਾਥ ਨੇ ਕਿਹਾ, ”ਮੇਰੀ ਤੁਹਾਨੂੰ ਸਿਰਫ ਇਕ ਬੇਨਤੀ ਹੈ ਕਿ ਤੁਸੀਂ ਸੱਚ ਦਾ ਸਮਰਥਨ ਕਰੋ। ਕਮਲਨਾਥ ਦਾ ਸਮਰਥਨ ਨਾ ਕਰੋ। ਪਰ ਸੱਚ ਦਾ ਸਮਰਥਨ ਕਰੋ।” ਕਮਲਨਾਥ ਦੇ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਣ ਦੀਆਂ ਖਬਰਾਂ ‘ਤੇ ਮੱਧ ਪ੍ਰਦੇਸ਼ ਕਾਂਗਰਸ ਇੰਚਾਰਜ ਜਤਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹੁਣ ਤੱਕ ਜਥੇਬੰਦੀ ਵਿੱਚ ਕੰਮ ਕੀਤਾ ਹੈ ਅਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਦਾ ਕਾਂਗਰਸ ਨਾਲ ਲੰਮਾ ਰਿਸ਼ਤਾ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣਗੇ।
ਦੱਸ ਦੇਈਏ ਕਿ ਸੀਐਮ ਮੋਹਨ ਯਾਦਵ ਅਤੇ ਕਮਲਨਾਥ ਦੋ ਮਹੀਨਿਆਂ ਵਿੱਚ ਤਿੰਨ ਵਾਰ ਬੰਦ ਦਰਵਾਜ਼ੇ ਪਿੱਛੇ ਮੁਲਾਕਾਤ ਕਰ ਚੁੱਕੇ ਹਨ। ਹਾਲ ਹੀ ‘ਚ ਸੀਐੱਮ ਮੋਹਨ ਯਾਦਵ ਰਾਤ ਨੂੰ ਕਮਲਨਾਥ ਦੇ ਘਰ ਪਹੁੰਚੇ ਸਨ। ਦੋਵਾਂ ਦੀ ਮੁਲਾਕਾਤ ਕਰੀਬ ਇਕ ਘੰਟੇ ਤੱਕ ਚੱਲੀ ਸੀ।