ਅਫਗਾਨਿਸਤਾਨ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਸੋਮਵਾਰ ਸਵੇਰੇ ਕਾਬੁਲ ਹਵਾਈ ਅੱਡੇ ਦੇ ਨੇੜੇ ਸਥਿਤ ਖੇਤਰ ਵਿੱਚ ਫਿਰ ਰਾਕੇਟ ਅਟੈਕ ਹੋਇਆ ਹੈ। ਇਸ ਦੌਰਾਨ ਚਸ਼ਮਦੀਦਾਂ ਨੇ ਵੱਖ -ਵੱਖ ਥਾਵਾਂ ‘ਤੇ ਧੂਆਂ ਉੱਠਦਿਆਂ ਦੇਖਿਆ ਸੀ। ਅਮਰੀਕਾ ਨੇ ਵੀ ਰਾਕੇਟ ਹਮਲੇ ਦੀ ਪੁਸ਼ਟੀ ਕੀਤੀ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ‘ਤੇ ਕੰਮ ਨਿਰਵਿਘਨ ਜਾਰੀ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਅਮਰੀਕੀ ਫ਼ੌਜ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਹੋ ਰਹੀ ਹੈ। ਇਹ ਰਾਕੇਟ ਹਮਲਾ ਸੋਮਵਾਰ ਸਵੇਰੇ ਕਾਬੁਲ ਦੇ ਸਲੀਮ ਕਾਰਵਾਂ ਖੇਤਰ ਵਿੱਚ ਹੋਇਆ। ਧਮਾਕੇ ਤੋਂ ਬਾਅਦ ਗੋਲੀਬਾਰੀ ਵੀ ਸ਼ੁਰੂ ਹੋ ਗਈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਕੌਣ ਕਰ ਰਿਹਾ ਸੀ। ਇੱਕ ਚਸ਼ਮਦੀਦ ਨੇ ਗੁਪਤਤਾ ਦੀ ਸ਼ਰਤ ‘ਤੇ ਦੱਸਿਆ ਕਿ ਉਸ ਨੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਫਿਰ ਅਸਮਾਨ ਵਿੱਚ ਅੱਗ ਵਾਂਗ ਚਮਕ ਦੇਖੀ। ਧਮਾਕਿਆਂ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਹਨ। ਰਾਕੇਟ ਦਾਗੇ ਜਾਣ ਤੋਂ ਬਾਅਦ ਵੀ ਹਵਾਈ ਅੱਡੇ ‘ਤੇ ਅਮਰੀਕਾ ਦਾ ਨਿਕਾਸੀ ਕਾਰਜ ਜਾਰੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਅਮਰੀਕੀ ਫੌਜ ਨੇ ਪੁਸ਼ਟੀ ਕੀਤੀ ਸੀ ਕਿ ਉਸ ਨੇ ਕਾਬੁਲ ਹਵਾਈ ਅੱਡੇ ਦੇ ਰਸਤੇ ‘ਤੇ ਵਿਸਫੋਟਕਾਂ ਨਾਲ ਭਰੇ ਵਾਹਨ’ ਨੂੰ ਨਿਸ਼ਾਨਾ ਬਣਾਇਆ ਸੀ, ਜਿੱਥੇ ਅਮਰੀਕੀ ਫੌਜ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ। ਇੱਕ ਅਫਗਾਨ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਤਿੰਨ ਬੱਚੇ ਮਾਰੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਸ਼ਨੀਵਾਰ ਨੂੰ ਪਹਿਲਾਂ ਹੀ ਇਹ ਖਦਸ਼ਾ ਜ਼ਾਹਿਰ ਕਰ ਦਿੱਤਾ ਸੀ ਕਿ ਅਗਲੇ 24-36 ਘੰਟਿਆਂ ਵਿੱਚ ਅਫਗਾਨਿਸਤਾਨ ਵਿੱਚ ਇੱਕ ਹੋਰ ਹਮਲਾ ਹੋਣ ਦੀ ਬਹੁਤ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਫੌਜ ਨੇ ਮੰਗਲਵਾਰ, 31 ਅਗਸਤ ਤੱਕ ਅਫਗਾਨਿਸਤਾਨ ਤੋਂ ਨਿਕਾਸੀ ਪ੍ਰਕਿਰਿਆ ਪੂਰੀ ਕਰਨੀ ਹੈ। ਉਨ੍ਹਾਂ ਨੂੰ ਕਾਬੁਲ ਛੱਡਣਾ ਪਵੇਗਾ।