ਕਬੱਡੀ ਜਗਤ ਲਈ ਅੱਜ ਫਿਰ ਬਹੁਤ ਹੀ ਮਾੜੀ ਤੇ ਦੁਖਦਾਈ ਖਬਰ ਆਈ ਹੈ। ਦਰਅਸਲ ਕਬੱਡੀ ਦੇ ਸਟਾਰ ਖਿਡਾਰੀ ਮੰਨੂੰ ਮਸਾਣਾਂ ਦੀ ਮੌਤ ਹੋ ਗਈ ਹੈ। ਮਾਝੇ ਇਲਾਕੇ ਦੇ ਨਾਲ ਸਬੰਧਿਤ ਖਿਡਾਰੀ ਮੰਨੂੰ ਮਸਾਣਾਂ ਵਾਲਾ ਕਬੱਡੀ ਦੇ ਬਹੁਤ ਵਧੀਆ ਜਾਫ਼ੀ ਦੇ ਤੌਰ ‘ਤੇ ਪ੍ਰਸਿੱਧ ਸੀ। ਰਿਪੋਰਟਾਂ ਅਨੁਸਾਰ ਬੁੱਧਵਾਰ ਨੂੰ ਪਿੰਡ ਖਤਰਾਏ ਖੁਰਦ(ਅੰਮਿ੍ਤਸਰ) ਦੇ ਕਬੱਡੀ ਕੱਪ ‘ਤੇ ਚੱਲਦੇ ਮੈਚ ‘ਚ ਅਚਾਨਕ ਨੰਬਰ ਲਈ ਜੱਦੋਜਹਿਦ ਕਰਦਿਆ ਮੰਨੂੰ ਦੇ ਸਿਰ ‘ਚ ਰੇਡਰ ਦੀ ਕੂਹਣੀ ਵੱਜ ਗਈ ਸੀ, ਜਿਸ ਕਾਰਨ ਸਿਰ ‘ਤੇ ਸੱਟ ਲੱਗਣ ਮਗਰੋਂ ਕਬੱਡੀ ਖਿਡਾਰੀ ਨੂੰ ਘਬਰਾਹਟ ਜਿਆਦਾ ਹੋਣ ਲੱਗੀ ਤੇ ਇਸ ਮਗਰੋਂ ਸਟਾਰ ਖਿਡਾਰੀ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਹੀ ਮੰਨੂੰ ਮਸਾਣਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਕੋਚ ਦੇ ਨਾਲ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ਤੇ ਸ਼ਾਮ ਨੂੰ ਪਿੰਡ ਖਤਰਾਏ ਖੁਰਦ ‘ਚ ਮੈਚ ਖੇਡਦੇ ਸਮੇਂ ਅਚਾਨਕ ਸੱਟ ਲੱਗਣ ਕਾਰਨ ਮਨੂੰ ਦੀ ਬੇਵਖਤੀ ਮੌਤ ਹੋਣ ਦੀ ਇਹ ਮੰਦਭਾਗੀ ਖ਼ਬਰ ਸਾਹਮਣੇ ਆ ਗਈ। ਇੱਕ ਅਹਿਮ ਗੱਲ ਇਹ ਵੀ ਹੈ ਕਿ ਮੰਨੂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੀ। ਮੰਨੂ ਮਈ ਮਹੀਨੇ ਹੀ ਨਿਊਜ਼ੀਲੈਂਡ ਦੀ ਧਰਤੀ ‘ਤੇ ਖੇਡਿਆ ਸੀ ‘ਤੇ ਨਿਊਜ਼ੀਲੈਂਡ ਦੀ ਧਰਤੀ ‘ਤੇ ਇਸ ਖਿਡਾਰੀ ਨੇ ਖੇਡ ਕਬੱਡੀ ਦਾ ਬਹੁਤ ਤਗੜਾ ਪ੍ਦਰਸ਼ਨ ਕੀਤਾ ਸੀ ਤੇ ਕਈ ਕੱਪਾਂ ਦਾ ਜੇਤੂ ਜਾਫ਼ੀ ਵੀ ਰਿਹਾ ਸੀ। ਜੇਕਰ ਸੁਭਾਅ ਦੀ ਗੱਲ ਕਰੀਏ ਤਾ ਮੰਨੂ ਬੜੇ ਨੇਕ ਦਿਲ ਦਾ ਇਨਸਾਨ ਸੀ। ਸੋਸ਼ਲ ਮੀਡੀਆ ‘ਤੇ ਮੰਨੂ ਦੇ ਦੋਸਤ ਵੱਲੋਂ ਸਾਂਝੀ ਕੀਤੀ ਗਈ ਇੱਕ ਪੋਸਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਕੁੱਝ ਸਮਾਂ ਪਹਿਲਾ ਹੀ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਸੀ।