ਲੁਫਥਾਂਸਾ ਏਅਰਲਾਈਨਜ਼ ਦੀ ਫਲਾਈਟ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਵਿੱਚ ਉਤਾਰੇ ਜਾਣ ਦੇ ਮਾਮਲੇ ਦੀ ਕੇਂਦਰ ਸਰਕਾਰ ਜਾਂਚ ਕਰੇਗੀ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸਾਰੀ ਘਟਨਾ ਦੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਜਾਂਚ ਕੀਤੀ ਜਾਵੇਗੀ। ਲੁਫਥਾਂਸਾ ਏਅਰਲਾਈਨਜ਼ ਤੋਂ ਵੀ ਜਾਣਕਾਰੀ ਮੰਗੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹੜੇ ਕਾਰਨਾਂ ਕਰਕੇ ਫਲਾਈਟ ਤੋਂ ਉਤਾਰਿਆ ਗਿਆ ਸੀ।
ਦਰਅਸਲ ਕੁੱਝ ਮੀਡੀਆ ਰਿਪੋਰਟਾਂ ਜਰਮਨੀ ਦੇ ਸਰਕਾਰੀ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 17 ਸਤੰਬਰ ਨੂੰ ਫਰੈਂਕਫਰਟ ਹਵਾਈ ਅੱਡੇ ‘ਤੇ ਜਹਾਜ਼ ‘ਚੋਂ ਉਤਾਰ ਦਿੱਤਾ ਗਿਆ ਸੀ। ਉਨ੍ਹਾਂ ਦਾ ਸਮਾਨ ਆਦਿ ਉਤਾਰਨ ਕਾਰਨ ਫਲਾਈਟ 4 ਘੰਟੇ ਲੇਟ ਹੋ ਗਈ। ਹਾਲਾਂਕਿ ਲੁਫਥਾਂਸਾ ਏਅਰਲਾਈਨਜ਼ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਜਹਾਜ਼ ਬਦਲਿਆ ਗਿਆ ਸੀ ਜਿਸ ਕਾਰਨ ਫਲਾਈਟ ਲੇਟ ਹੋਈ ਸੀ। ਉੱਥੇ ਹੀ ਇਸ ਪੂਰੇ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਸ ਪੂਰੇ ਮਾਮਲੇ ‘ਤੇ ਭਗਵੰਤ ਮਾਨ ਅਤੇ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ ਹੈ।