ਦੁਨੀਆ ਦੇ ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਨੇ ਹਾਲ ਹੀ ‘ਚ ਆਪਣੀ ਐਲਬਮ ‘ਜਸਟਿਸ’ ਦੇ ਪ੍ਰਚਾਰ ਲਈ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ, ਕੁੱਝ ਦਿਨਾਂ ਬਾਅਦ, ਗਾਇਕ ਨੇ ਦੌਰਾ ਮੁਲਤਵੀ ਕਰ ਦਿੱਤਾ ਹੈ। ਇਹ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇਸ ਦੌਰਾਨ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਦਾ ਕਾਰਨ ਦੱਸਿਆ ਹੈ। ਇਸ ਵੀਡੀਓ ‘ਚ 28 ਸਾਲਾ ਜਸਟਿਨ ਬੀਬਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਚਿਹਰੇ ‘ਤੇ ਅਧਰੰਗ ਦਾ ਦੌਰਾ ਪਿਆ ਹੈ ਅਤੇ ਉਹ ਇਨ੍ਹੀਂ ਦਿਨੀਂ ਇਸ ਭਿਆਨਕ ਬੀਮਾਰੀ ਨਾਲ ਲੜਾਈ ਲੜ ਰਹੇ ਹਨ। ਵੀਡੀਓ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਾਰਥਨਾਵਾਂ ‘ਚ ਯਾਦ ਰੱਖਣ ਲਈ ਵੀ ਕਿਹਾ ਹੈ।
ਵੀਡੀਓ ‘ਚ ਆਪਣੀ ਬੀਮਾਰੀ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਕਿਹਾ- ‘ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੀ ਹੋ ਰਿਹਾ ਹੈ। ਜਿਵੇਂ ਤੁਸੀਂ ਮੇਰੇ ਚਿਹਰੇ ‘ਤੇ ਦੇਖ ਸਕਦੇ ਹੋ, ਮੈਂ ਆਪਣੀ ਅੱਖ ਝਪਕਣ ਦੇ ਯੋਗ ਨਹੀਂ ਹਾਂ। ਇਸ ਪਾਸੇ ਤੋਂ ਮੈਂ ਹੱਸਣ ਦੇ ਯੋਗ ਵੀ ਨਹੀਂ ਹਾਂ, ਮੇਰਾ ਨੱਕ ਨਹੀਂ ਹਿੱਲ ਰਿਹਾ। ਗਾਇਕ ਨੇ ਅੱਗੇ ਕਿਹਾ- ‘ਮੈਨੂੰ ਰਾਮਸੇ ਹੰਟ ਸਿੰਡਰੋਮ ਨਾਂ ਦੀ ਬੀਮਾਰੀ ਹੈ। ਮੈਨੂੰ ਇਹ ਬਿਮਾਰੀ ਇੱਕ ਵਾਇਰਸ ਕਾਰਨ ਹੋਈ ਹੈ, ਜੋ ਮੇਰੇ ਕੰਨਾਂ ਅਤੇ ਮੇਰੇ ਚਿਹਰੇ ਦੀਆਂ ਨਸਾਂ ‘ਤੇ ਹਮਲਾ ਕਰ ਰਹੀ ਹੈ ਅਤੇ ਇਸ ਕਾਰਨ ਮੇਰੇ ਚਿਹਰੇ ਦਾ ਇੱਕ ਪਾਸੇ ਨੂੰ ਪੂਰੀ ਤਰ੍ਹਾਂ ਨਾਲ ਅਧਰੰਗ ਹੋ ਗਿਆ ਹੈ।
ਜਸਟਿਨ ਬੀਬਰ ਨੇ ਅੱਗੇ ਕਿਹਾ, ‘ਮੇਰੇ ਸ਼ੋਅ ਦੇ ਰੱਦ ਹੋਣ ਕਾਰਨ ਕੁਝ ਪ੍ਰਸ਼ੰਸਕ ਨਿਰਾਸ਼ ਹਨ। ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਸ ਸਮੇਂ ਸਟੇਜ ‘ਤੇ ਸਰੀਰਕ ਤੌਰ ‘ਤੇ ਪ੍ਰਦਰਸ਼ਨ ਨਹੀਂ ਕਰ ਸਕਦਾ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋ। ਮੈਂ ਇਸ ਸਮੇਂ ਆਰਾਮ ਕਰ ਰਿਹਾ ਹਾਂ ਤਾਂ ਜੋ ਮੈਂ 100 ਪ੍ਰਤੀਸ਼ਤ ਠੀਕ ਹੋ ਸਕਾਂ ਅਤੇ ਵਾਪਸ ਆਵਾਂ ਅਤੇ ਉਹ ਕਰ ਸਕਾਂ ਜੋ ਮੈਂ ਕਰਨ ਲਈ ਪੈਦਾ ਹੋਇਆ ਸੀ।’