ਬ੍ਰਾਇਨ ਤਾਮਾਕੀ ਨੂੰ ਕ੍ਰਾਈਸਟਚਰਚ ਦੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਕਥਿਤ ਤੌਰ ‘ਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਭੇਜੇ ਜਾਣ ਦੇ ਵਿਰੁੱਧ ਇੱਕ ਸਫਲ ਅਪੀਲ ਤੋਂ ਬਾਅਦ 24 ਘੰਟੇ ਦੇ ਘਰੇਲੂ ਕਰਫਿਊ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਡੇਸਟਿਨੀ ਚਰਚ ਦੇ ਨੇਤਾ ਨੂੰ 17 ਜਨਵਰੀ ਦੀ ਸਵੇਰ ਨੂੰ ਪੁਲਿਸ ਦੁਆਰਾ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ, “ਇਸ ਵਿਅਕਤੀ ਨੂੰ 8 ਜਨਵਰੀ 2022 ਨੂੰ ਕ੍ਰਾਈਸਟਚਰਚ ਵਿੱਚ ਇੱਕ ਘਟਨਾ ਤੋਂ ਬਾਅਦ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।” ਫਿਰ ਉਸ ਨੂੰ ਵੀਰਵਾਰ, ਜਨਵਰੀ 27 ਨੂੰ ਅਗਲੀ ਸੁਣਵਾਈ ਤੱਕ ਆਕਲੈਂਡ ਦੀ ਮਾਊਂਟ ਈਡਨ ਜੇਲ੍ਹ ਵਿੱਚ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਇਹ ਫੈਸਲਾ ਆਕਲੈਂਡ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ ਜਿੱਥੇ ਤਾਮਾਕੀ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਸੀ।
ਹਾਲਾਂਕਿ, ਬੁੱਧਵਾਰ ਦੁਪਹਿਰ ਨੂੰ ਜਸਟਿਸ ਪਾਲ ਡੇਵਿਸਨ ਨੇ ਅਸਲ ਫੈਸਲੇ ਨੂੰ ਉਲਟਾਉਣ ਦਾ ਆਦੇਸ਼ ਦਿੱਤਾ, ਜਿਸ ਨਾਲ ਤਾਮਾਕੀ ਨੂੰ ਹਫ਼ਤੇ ਦੇ ਸੱਤ ਦਿਨ, 24 ਘੰਟੇ ਦੇ ਕਰਫਿਊ ‘ਤੇ ਰਿਹਾਅ ਕਰਨ ਦੀ ਆਗਿਆ ਦਿੱਤੀ ਗਈ। ਹਾਈ ਕੋਰਟ ਦੇ ਜੱਜ ਪਾਲ ਡੇਵਿਸਨ ਨੇ ਫੈਸਲਾ ਸੁਣਾਇਆ ਹੈ ਕਿ ਇਹ ਫੈਸਲਾ ਗਲਤ ਸੀ। ਉਨ੍ਹਾਂ ਨੇ ਤਾਮਾਕੀ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ 24 ਘੰਟੇ ਦੇ ਕਰਫਿਊ ਦੀ ਹੋਰ ਸ਼ਰਤ ਦੇ ਨਾਲ ਤਾਮਾਕੀ ਨੂੰ ਆਪਣੇ ਘਰ ਰਹਿਣ ਦੀ ਲੋੜ ਹੈ। ਜੱਜ ਨੇ ਲੋਕਾਂ ਨੂੰ ਕੋਵਿਡ -19 ਨਿਯਮਾਂ ਦੀ ਪਾਲਣਾ ਨਾ ਕਰਨ ਲਈ ਉਤਸ਼ਾਹਿਤ ਕਰਨ ਲਈ ਤਾਮਾਕੀ ਦੇ ਘਰ ਕਿਸੇ ਵੀ ਇਕੱਠ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉੱਥੇ ਹੀ ਜੇਲ ਦੇ ਬਾਹਰ ਡੇਰੇ ਲਾਈ ਬੈਠੇ ਤਾਮਾਕੀ ਸਮਰਥਕ ਇਸ ਖਬਰ ਮਗਰੋਂ ਜਸ਼ਨ ਮਨਾਉਂਦੇ ਦੇਖੇ ਗਏ।