ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਰੋਮਾਂਚਕ ਮੁਕਾਬਲੇ ‘ਚ ਹਰਾ ਦਿੱਤਾ ਹੈ। ਸੈਮ ਕਰਨ ਦੀ ਟੀਮ ਦੇ ਸਾਹਮਣੇ 262 ਦੌੜਾਂ ਦਾ ਵੱਡਾ ਟੀਚਾ ਸੀ ਪਰ ਜੌਨੀ ਬੇਅਰਸਟੋ ਦੇ ਸੈਂਕੜੇ ਅਤੇ ਸ਼ਸ਼ਾਂਕ ਸਿੰਘ ਦੀ ਤੂਫਾਨੀ ਪਾਰੀ ਦੀ ਬਦੌਲਤ ਪੰਜਾਬ ਨੇ 8 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਿਲ ਕਰ ਲਿਆ। ਜੌਨੀ ਬੇਅਰਸਟੋ 48 ਗੇਂਦਾਂ ਵਿੱਚ 108 ਦੌੜਾਂ ਬਣਾ ਕੇ ਨਾਬਾਦ ਪਰਤੇ। ਉਨ੍ਹਾਂ ਨੇ ਆਪਣੀ ਪਾਰੀ ‘ਚ 8 ਚੌਕੇ ਅਤੇ 9 ਛੱਕੇ ਲਗਾਏ। ਇਸ ਦੇ ਨਾਲ ਹੀ ਸ਼ਸ਼ਾਂਕ ਸਿੰਘ ਨੇ 28 ਗੇਂਦਾਂ ‘ਚ 68 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਸ ਬੱਲੇਬਾਜ਼ ਨੇ ਆਪਣੀ ਪਾਰੀ ‘ਚ 2 ਚੌਕੇ ਅਤੇ 8 ਛੱਕੇ ਲਗਾਏ। ਜੌਨੀ ਬੇਅਰਸਟੋ ਅਤੇ ਸ਼ਸ਼ਾਂਕ ਸਿੰਘ ਵਿਚਾਲੇ 84 ਦੌੜਾਂ ਦੀ ਸਾਂਝੇਦਾਰੀ ਹੋਈ।
ਇਸ ਤਰ੍ਹਾਂ ਪੰਜਾਬ ਕਿੰਗਜ਼ ਨੇ IPL ਦੇ 17 ਸਾਲਾਂ ਦੇ ਇਤਿਹਾਸ ‘ਚ ਸਭ ਤੋਂ ਵੱਡਾ ਟੀਚਾ ਹਾਸਿਲ ਕਰ ਲਿਆ। ਕੋਲਕਾਤਾ ਨਾਈਟ ਰਾਈਡਰਜ਼ ਦੀਆਂ 261 ਦੌੜਾਂ ਦੇ ਜਵਾਬ ‘ਚ ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਜੌਨੀ ਬੇਅਰਸਟੋ ਨੇ ਪਹਿਲੇ 6 ਓਵਰਾਂ ‘ਚ 93 ਦੌੜਾਂ ਜੋੜ ਕੇ ਤੂਫਾਨੀ ਸ਼ੁਰੂਆਤ ਦਿੱਤੀ। ਹਾਲਾਂਕਿ ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ 20 ਗੇਂਦਾਂ ‘ਚ 54 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਪਰ ਜੌਨੀ ਬੇਅਰਸਟੋ ਨੇ ਦੂਜੀ ਵਿਕਟ ਮਜ਼ਬੂਤੀ ਨਾਲ ਸੰਭਾਲੀ। ਰਿਲੀ ਰੂਸੋ ਨੇ 16 ਗੇਂਦਾਂ ‘ਤੇ 26 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਜੌਨੀ ਬੇਅਰਸਟੋ ਨੂੰ ਸ਼ਸ਼ਾਂਕ ਸਿੰਘ ਦਾ ਚੰਗਾ ਸਾਥ ਮਿਲਿਆ।