ਪਠਾਨਕੋਟ ਪੁਲਿਸ ਨੇ ਸ਼ੁੱਕਰਵਾਰ ਨੂੰ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਅਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਭੋਆ ਨੂੰ ਪਿਛਲੇ ਸਾਲ ਜੂਨ ‘ਚ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਸਾਬਕਾ ਵਿਧਾਇਕ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਫਿਰ ਤੋਂ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਿਲ ਪਾਏ ਗਏ ਹਨ।
ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਰਾਵੀ ਦਰਿਆ ਨੇੜੇ ਕੀੜੀ ਇਲਾਕੇ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਦੇ ਕਰੱਸ਼ਰ ’ਤੇ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਰੋਕੇ ਜਾਣ ’ਤੇ ਸਾਬਕਾ ਵਿਧਾਇਕ ਤੇ ਉਨ੍ਹਾਂ ਦੇ ਸਾਥੀ ਸੁਰਜੀਤ ਲਾਡੀ ਨੇ ਵੀ ਸਰਕਾਰੀ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਬਹਿਸ ਕੀਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਦੋਵਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ਤੋਂ ਪੋਕਲੇਨ ਮਸ਼ੀਨ ਅਤੇ ਟਿੱਪਰ ਵੀ ਜ਼ਬਤ ਕੀਤਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ 8 ਜੂਨ ਨੂੰ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਤਾਰਾਗੜ੍ਹ ਪੁਲਿਸ ਨੇ ਕ੍ਰਿਸ਼ਨਾ ਕਰੱਸ਼ਰ ’ਤੇ ਛਾਪਾ ਮਾਰ ਕੇ ਪੋਕਲੇਨ ਸਮੇਤ ਤਿੰਨ ਵਾਹਨ ਜ਼ਬਤ ਕੀਤੇ ਸਨ। ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚ ਕਰੱਸ਼ਰ ਦਾ ਕੰਮ ਕਰਨ ਵਾਲੇ ਸੁਨੀਲ ਕੁਮਾਰ ਅਤੇ ਪ੍ਰਕਾਸ਼ ਵੀ ਸ਼ਾਮਿਲ ਸਨ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਜ਼ਮਾਨਤ ਮਿਲਣ ਮਗਰੋਂ ਉਨ੍ਹਾਂ ਨੇ ਮੁੜ ਉਸੇ ਕਰੱਸ਼ਰ ’ਤੇ ਨਾਜਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ।