ਖੇਡ ਦੇ ਮੈਦਾਨ ਵਿੱਚ ਖਿਡਾਰੀਆਂ ਨਾਲ ਅਕਸਰ ਹਾਦਸੇ ਵਾਪਰਦੇ ਹਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਕਈ ਵਾਰ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਅਜਿਹਾ ਹੀ ਕੁੱਝ ਨਿਊਜ਼ੀਲੈਂਡ ਦੇ ਐਸ਼ਬਰਟਨ ‘ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਖੇਡ ਦੌਰਾਨ ਇੱਕ ਮਹਿਲਾ ਜੌਕੀ ਦੀ ਮੌਤ ਹੋ ਗਈ। ਜੌਕੀ ਮੇਗਨ ਟੇਲਰ ਦੀ ਮੌਤ ਤੋਂ ਬਾਅਦ ਐਸ਼ਬਰਟਨ ਰੇਸ ਟ੍ਰੈਕ ਦੇ ਹੋਰ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜੌਕੀ ਮੇਗਨ ਟੇਲਰ ਦੀ ਘੋੜ ਦੌੜ ਦੌਰਾਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ। ਰੇਸ ਦੌਰਾਨ ਮੇਗਨ ਟੇਲਰ ਟ੍ਰੈਕ ‘ਤੇ ਡਿੱਗ ਪਈ ਅਤੇ ਇੱਕ ਹੋਰ ਘੋੜੇ ਨੇ ਉਸ ਨੂੰ ਕੁਚਲ ਦਿੱਤਾ। ਇਸ ਮਗਰੋਂ ਮੇਗਨ ਟੇਲਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਨਿਊਜ਼ੀਲੈਂਡ ਦੇ ਰੇਸਿੰਗ ਮੰਤਰੀ ਕੀਰਨ ਮੈਕਾਲਟੀ ਨੇ ਮੇਗਨ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮੇਗਨ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਇਸ ਸਾਲ ਘੋੜ ਦੌੜ ਦੌਰਾਨ ਇੱਕ ਹੋਰ ਜੌਕੀ ਦੀ ਮੌਤ ਹੋ ਗਈ ਸੀ। ਜਾਪਾਨੀ ਮੂਲ ਦੀ ਤਾਕੀ ਯਾਨਾਗਿਦਾ ਅਗਸਤ ਵਿੱਚ ਦੌੜ ਦੌਰਾਨ ਡਿੱਗ ਪਈ ਸੀ ਅਤੇ ਆਪਣੀ ਜਾਨ ਗੁਆ ਬੈਠੀ ਸੀ।