ਇੱਕ ਕਹਾਵਤ ਹੈ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ’। ਅਜਿਹੇ ਚਮਤਕਾਰ ਕਈ ਵੱਡੇ ਹਾਦਸਿਆਂ ਮੌਕੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਅਜਿਹਾ ਹੀ ਕੁੱਝ ਦੇਵਘਰ ‘ਚ ਰੋਪਵੇਅ ਹਾਦਸੇ ‘ਚ ਵੀ ਦੇਖਣ ਨੂੰ ਮਿਲਿਆ। ਇਸ ਹਾਦਸੇ ‘ਚ ਕਈ ਲੋਕ 24 ਘੰਟਿਆਂ ਤੋਂ ਵੱਧ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਪਰ ਅਜੇ ਤੱਕ ਸੁਰੱਖਿਅਤ ਹਨ। ਦਰਅਸਲ ਝਾਰਖੰਡ ਦੇ ਦੇਵਘਰ ‘ਚ ਐਤਵਾਰ ਨੂੰ ਤ੍ਰਿਕੂਟ ਪਹਾੜੀਆਂ ‘ਤੇ ਰੋਪਵੇਅ ਦੀਆਂ ਕਈ ਟਰਾਲੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ ਕੱਲ੍ਹ ਦੇ ਹਾਦਸੇ ਤੋਂ ਬਾਅਦ ਵੀ ਸੋਮਵਾਰ ਦੁਪਹਿਰ ਤੱਕ ਘੱਟੋ-ਘੱਟ 12 ਕੈਬਿਨਾਂ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਡੀਸੀ ਨੇ ਦੋ ਲੋਕਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਜ਼ਖਮੀਆਂ ਨੂੰ ਇਲਾਜ ਲਈ ਦੇਵਘਰ ਸਦਰ ਹਸਪਤਾਲ ਭੇਜਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਤਕਨੀਕੀ ਖਰਾਬੀ ਕਾਰਨ ਵਾਪਰੀ ਜਾਪਦੀ ਹੈ, ਜਿਸ ਕਾਰਨ ਕੇਬਲ ਕਾਰਾਂ ਦੀ ਟੱਕਰ ਹੋ ਗਈ।
ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਹਵਾਈ ਸੈਨਾ ਦਾ ਹੈਲੀਕਾਪਟਰ ਸਵੇਰ ਤੋਂ ਬਚਾਅ ਕਾਰਜ ਲਈ ਪਹੁੰਚ ਗਿਆ ਹੈ। ਸਥਾਨਕ ਮੀਡੀਆ ਰਿਪੋਟਾਂ ਅਨੁਸਾਰ ਹਾਦਸੇ ਤੋਂ ਬਾਅਦ ਰੋਪਵੇਅ ਮੈਨੇਜਰ ਅਤੇ ਹੋਰ ਕਰਮਚਾਰੀ ਮੌਕੇ ਤੋਂ ਫਰਾਰ ਹੋ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ 19 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਜਦਕਿ 29 ਲੋਕ ਅਜੇ ਵੀ ਜ਼ਿੰਦਗੀ ਲਈ ਜੱਦੋ ਜਹਿਦ ਕਰ ਰਹੇ ਹਨ।