ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ ਕੱਲ ਤੋਂ ਐਜਬੈਸਟਨ ‘ਚ ਸ਼ੁਰੂ ਹੋ ਰਿਹਾ ਹੈ। ਪਰ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਕੋਰੋਨਾ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ। ਜਿਸ ਕਾਰਨ ਬੁਮਰਾਹ ਨੂੰ ਕਪਤਾਨੀ ਸੌਂਪੀ ਗਈ ਹੈ। ਬੁਮਰਾਹ ਕਪਿਲ ਦੇਵ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਹਨ।
ਟੀਮ ਇੰਡੀਆ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਅਜਿਹੇ ‘ਚ ਬੁਮਰਾਹ ਕਪਤਾਨ ਦੇ ਰੂਪ ‘ਚ ਟੀਮ ਨੂੰ ਸੀਰੀਜ਼ ‘ਚ ਜਿੱਤ ਵੱਲ ਲੈ ਕੇ ਜਾਣਾ ਚਾਹੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਇਹ ਮੈਚ ਬਹੁਤ ਮਹੱਤਵਪੂਰਨ ਹੈ। ਬੀਸੀਸੀਆਈ ਵੱਲੋਂ ਦੱਸਿਆ ਗਿਆ ਕਿ ਰੋਹਿਤ ਸ਼ਰਮਾ ਦਾ ਵੀਰਵਾਰ ਸਵੇਰੇ ਟੈਸਟ ਕੀਤਾ ਗਿਆ ਸੀ ਅਤੇ ਇਹ ਦੁਬਾਰਾ ਪੌਜੇਟਿਵ ਆਇਆ ਹੈ। ਅਜਿਹੇ ‘ਚ ਉਹ ਇਸ ਮੈਚ ਤੋਂ ਬਾਹਰ ਹੋ ਗਏ ਹਨ। ਅਜਿਹੇ ‘ਚ ਚੋਣ ਕਮੇਟੀ ਨੇ ਬੁਮਰਾਹ ਨੂੰ ਕਪਤਾਨ ਜਦਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਬਣਾਇਆ ਹੈ। ਪੰਤ ਨੇ ਪਿਛਲੇ ਸਾਲ ਇੰਗਲੈਂਡ ‘ਚ ਸੈਂਕੜਾ ਲਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਵੀ ਟੀਮ ਦੀ ਕਮਾਨ ਮਿਲੀ ਸੀ।