ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਪਹਿਲੇ ਵਨਡੇ ‘ਚ 6 ਵਿਕਟਾਂ ਲਈਆਂ ਸਨ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਆਈਸੀਸੀ ਵਨਡੇ ਰੈਂਕਿੰਗ ‘ਚ ਨੰਬਰ ਇੱਕ ਗੇਂਦਬਾਜ਼ ਬਣ ਗਿਆ ਹੈ। ਉਹ ਟਾਪ-10 ਰੈਂਕਿੰਗ ਵਿਚ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਜਸਪ੍ਰੀਤ ਫਰਵਰੀ 2020 ਤੋਂ ਬਾਅਦ ਪਹਿਲੀ ਵਾਰ ਨੰਬਰ-1 ਗੇਂਦਬਾਜ਼ ਬਣਿਆ ਹੈ। ਉਸ ਸਮੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲੇ ਸਥਾਨ ਤੋਂ ਹਟਾ ਦਿੱਤਾ ਸੀ। ਉਸ ਸਮੇਂ ਬੁਮਰਾਹ ਲਗਾਤਾਰ 730 ਦਿਨ ਨੰਬਰ-1 ਗੇਂਦਬਾਜ਼ ਰਿਹਾ ਸੀ। ਜਸਪ੍ਰੀਤ ਕਪਿਲ ਦੇਵ ਤੋਂ ਬਾਅਦ ਵਨਡੇ ਰੈਂਕਿੰਗ ‘ਚ ਨੰਬਰ 1 ‘ਤੇ ਪਹੁੰਚਣ ਵਾਲਾ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਬਣ ਗਿਆ ਹੈ।
ਬੁਮਰਾਹ ਨੇ ਵਨਡੇ ਕ੍ਰਿਕਟ ‘ਚ ਹੁਣ ਤੱਕ 71 ਮੈਚਾਂ ‘ਚ 119 ਵਿਕਟਾਂ ਹਾਸਿਲ ਕੀਤੀਆਂ ਹਨ। ਬੁਮਰਾਹ ਨੇ ਇਹ ਵਿਕਟਾਂ ਸਿਰਫ਼ 24.30 ਦੀ ਔਸਤ ਨਾਲ ਲਈਆਂ ਹਨ। ਯਾਨੀ ਹਰ ਇੱਕ ਵਨਡੇ ਵਿਕਟ ਲਈ ਉਸ ਨੇ 25 ਦੌੜਾਂ ਤੋਂ ਘੱਟ ਰਨ ਖਰਚ ਕੀਤੇ ਹਨ। ਵਨਡੇ ਵਿੱਚ 100 ਤੋਂ ਵੱਧ ਵਿਕਟਾਂ ਲੈਣ ਵਾਲੇ ਕਿਸੇ ਹੋਰ ਭਾਰਤੀ ਗੇਂਦਬਾਜ਼ ਦੀ ਇੰਨੀ ਵਧੀਆ ਔਸਤ ਨਹੀਂ ਹੈ।