ਅਮਰੀਕਾ ਵਿੱਚ ਰਹਿ ਰਹੀ ਭਾਰਤੀ ਮੂਲ ਦੀ ਅੰਤਰਰਾਸ਼ਟਰੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਿਵੇਂ ਹੀ ਉਹ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸ਼ਨੀਵਾਰ (7 ਅਕਤੂਬਰ) ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਜੈਸਮੀਨ ਦਾ ਲਾਈਵ ਕੰਸਰਟ ਹੈ। ਜੈਸਮੀਨ ਸੈਂਡਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸਿੰਗਰ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਹੈ। ਗਾਇਕਾ ਜੈਸਮੀਨ ਸੈਂਡਲਸ ਜਿਸ ਫਾਈਵ ਸਟਾਰ ਹੋਟਲ ਵਿੱਚ ਠਹਿਰੀ ਹੋਈ ਹੈ, ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਲ ਹੀ ਸਾਰੀਆਂ ਖੁਫੀਆ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੀ ਇੰਸਟਾਗ੍ਰਾਮ ‘ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ ‘ਤੇ 2.9 ਮਿਲੀਅਨ ਲੋਕ ਸੈਂਡਲਸ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਲੱਖਾਂ ਲਾਈਕਸ ਮਿਲਦੇ ਹਨ। ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਵੱਖ-ਵੱਖ ਸੂਬਿਆਂ ‘ਚ ਦਰਜਨਾਂ ਮਾਮਲੇ ਦਰਜ ਹਨ। ਹਾਲ ਹੀ ਵਿੱਚ ਇਸ ਗੈਂਗਸਟਰ ਨੇ ਕਿਹਾ ਸੀ ਕਿ ਉਹ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਵਿੱਚ ਤਿੰਨ ਵਾਰ ਅਸਫਲ ਰਿਹਾ ਹੈ।