ਜਾਪਾਨ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਧਰਤੀ ਹਿੱਲ ਗਈ ਹੈ। ਉੱਤਰੀ ਮੱਧ ਜਾਪਾਨ ਵਿੱਚ ਸੋਮਵਾਰ ਨੂੰ ਰਿਕਟਰ ਪੈਮਾਨੇ ‘ਤੇ 7.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ। ਇਸ ਤੋਂ ਬਾਅਦ ਮੌਸਮ ਵਿਗਿਆਨ ਏਜੰਸੀ ਨੇ ਇਸ਼ੀਕਾਵਾ, ਨਿਗਾਟਾ ਅਤੇ ਟੋਯਾਮਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਭੂਚਾਲ ਕਾਰਨ ਕਈ ਇਲਾਕਿਆਂ ‘ਚ ਭਾਰੀ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਦੁਕਾਨਾਂ ਅਤੇ ਸ਼ਾਪਿੰਗ ਸਟੋਰਾਂ ਵਿੱਚ ਰੱਖਿਆ ਸਾਮਾਨ ਡਿੱਗ ਗਿਆ। ਪਾਰਕਿੰਗ ਵਿੱਚ ਖੜ੍ਹੇ ਵਾਹਨ ਇਧਰ-ਉਧਰ ਹੋ ਗਏ। ਇਸ ਦੇ ਨਾਲ ਹੀ 36 ਹਜ਼ਾਰ ਘਰਾਂ ‘ਚ ਬਿਜਲੀ ਗੁੱਲ ਹੋ ਗਈ ਅਤੇ ਟ੍ਰੇਨਾਂ ਰੋਕ ਦਿੱਤੀਆਂ ਗਈਆਂ। ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ।
2011 ‘ਚ ਵੀ ਜਾਪਾਨ ‘ਚ ਭਿਆਨਕ ਸੁਨਾਮੀ ਆਈ ਸੀ, ਜਿਸ ਨੇ ਕਾਫੀ ਤਬਾਹੀ ਮਚਾਈ ਸੀ। ਜਾਪਾਨ ਵਿੱਚ 13 ਸਾਲਾਂ ਬਾਅਦ ਇੱਕ ਵਾਰ ਫਿਰ ਸੁਨਾਮੀ ਦਾ ਖ਼ਤਰਾ ਮੰਡਰਾ ਰਿਹਾ ਹੈ। ਸਮੁੰਦਰ ਵਿੱਚ 5 ਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਸਮੁੰਦਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਹਨ। ਕਰਮਚਾਰੀ ਹਵਾਈ ਅੱਡੇ ‘ਤੇ ਮੇਜ਼ਾਂ ਦੇ ਹੇਠਾਂ ਲੁਕ ਗਏ। ਇਸ ਦੇ ਨਾਲ ਹੀ ਸੜਕਾਂ ‘ਤੇ ਕਈ ਫੁੱਟ ਡੂੰਘੀਆਂ ਤਰੇੜਾਂ ਨਜ਼ਰ ਆਈਆਂ।