ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਨੇਦਾ ਏਅਰਪੋਰਟ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਦੋ ਜਹਾਜ਼ਾਂ ਦੀ ਟੱਕਰ ਤੋਂ ਬਾਅਦ ਰਨਵੇ ‘ਤੇ ਹੀ ਇਕ ਜਹਾਜ਼ ਨੂੰ ਅੱਗ ਲੱਗ ਗਈ। ਦੋ ਜਹਾਜ਼ਾਂ ਵਿੱਚੋਂ ਇੱਕ ਜਹਾਜ਼ ਜਾਪਾਨ ਏਅਰਲਾਈਨਜ਼ ਦਾ ਸੀ ਜਦਕਿ ਦੂਜਾ ਜਹਾਜ਼ ਕੋਸਟ ਗਾਰਡ ਦਾ ਦੱਸਿਆ ਜਾ ਰਿਹਾ ਹੈ। ਜਾਪਾਨ ਏਅਰਲਾਈਨਜ਼ ਦੇ ਜਹਾਜ਼ ਵਿੱਚ ਕੁੱਲ 379 ਯਾਤਰੀ ਸਵਾਰ ਸਨ। ਇਸ ਘਟਨਾ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਟੱਕਰ ਤੋਂ ਬਾਅਦ ਯਾਤਰੀ ਜਹਾਜ਼ ਦੇ ਪਿਛਲੇ ਹਿੱਸੇ ਨੂੰ ਅੱਗ ਲੱਗ ਗਈ। ਜਦੋਂ ਤੱਕ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ, ਅੱਗ ਨੇ ਪੂਰੇ ਜਹਾਜ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੋਸਟ ਗਾਰਡ ਦੇ ਜਹਾਜ਼ ਵਿੱਚ ਕੁੱਲ ਛੇ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਕੋਸਟ ਗਾਰਡ ਦਾ ਜਹਾਜ਼ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ।
ਘਟਨਾ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਜਹਾਜ਼ ਦੇ ਅੰਦਰ ਅੱਗ ਫੈਲਦੀ ਦਿਖਾਈ ਦੇ ਰਹੀ ਹੈ। ਜਹਾਜ਼ ਨੇ ਜਾਪਾਨ ਦੇ ਸ਼ਿਨ ਚਿਟੋਸੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਹਨੇਦਾ ਪਹੁੰਚਿਆ ਸੀ। ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਰਨਵੇ ‘ਤੇ ਹੀ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਘਟਨਾ ਤੋਂ ਬਾਅਦ ਜਾਪਾਨ ਏਅਰਲਾਈਨਜ਼ ਅਤੇ ਏਅਰਪੋਰਟ ਦੇ ਸੁਰੱਖਿਆ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।