ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਲੋਕ ਸਭਾ ‘ਚ ਜੰਮੂ-ਕਸ਼ਮੀਰ ਨਾਲ ਸਬੰਧਿਤ ਦੋ ਨਵੇਂ ਬਿੱਲਾਂ ‘ਤੇ ਚਰਚਾ ਕੀਤੀ ਹੈ। ਇਸ ‘ਤੇ ਗੱਲ ਕਰਦੇ ਹੋਏ ਅਮਿਤ ਸ਼ਾਹ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਸ਼ਾਹ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਨਾਲ ਕੁੱਝ ਲੋਕ ਪਰੇਸ਼ਾਨ ਹਨ। ਜੰਮੂ-ਕਸ਼ਮੀਰ ਰਿਜ਼ਰਵੇਸ਼ਨ (ਸੋਧ) ਬਿੱਲ ਹੁਣ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਰਿਜ਼ਰਵੇਸ਼ਨ ਸੋਧ ਐਕਟ 2023 ਅਤੇ ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ 2023 ਉਨ੍ਹਾਂ ਲੋਕਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਹਨ, ਜਿਨ੍ਹਾਂ ਨੂੰ ਸੱਤਰ ਸਾਲਾਂ ਤੋਂ ਬੇਇੱਜ਼ਤ ਕੀਤਾ ਗਿਆ, ਅਪਮਾਨਿਤ ਕੀਤਾ ਗਿਆ ਅਤੇ ਨਜ਼ਰਅੰਦਾਜ਼ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਧਾਰਾ 370 ਉਥੇ 45 ਹਜ਼ਾਰ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ, ਜਿਸ ਨੂੰ ਮੋਦੀ ਸਰਕਾਰ ਨੇ ਉਖਾੜ ਦਿੱਤਾ ਹੈ। ਅਮਿਤ ਸ਼ਾਹ ਨੇ ਇੱਥੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਸਮੱਸਿਆ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕਾਰਨ ਪੈਦਾ ਹੋਈ ਸੀ। ਪੂਰੇ ਕਸ਼ਮੀਰ ਨੂੰ ਸਾਡੇ ਹੱਥਾਂ ਵਿੱਚ ਆਉਣ ਤੋਂ ਬਿਨਾਂ ਜੰਗਬੰਦੀ ਲਾਗੂ ਕਰ ਦਿੱਤੀ ਗਈ, ਨਹੀਂ ਤਾਂ ਉਹ ਹਿੱਸਾ ਕਸ਼ਮੀਰ ਦਾ ਹੁੰਦਾ। ਸ਼ਾਹ ਦੇ ਇਸ ਬਿਆਨ ‘ਤੇ ਸਦਨ ‘ਚ ਹੰਗਾਮਾ ਹੋਇਆ, ਜਿਸ ਤੋਂ ਬਾਅਦ ਵਿਰੋਧੀ ਧਿਰ ਲੋਕ ਸਭਾ ‘ਚੋਂ ਵਾਕਆਊਟ ਕਰ ਗਈ।”