ਜੰਮੂ-ਕਸ਼ਮੀਰ ਦੇ ਏਅਰਫੋਰਸ ਸਟੇਸ਼ਨ ‘ਤੇ ਦੇਰ ਰਾਤ ਦੋ ਧਮਾਕੇ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ ਹੈ। ਦੇਰ ਰਾਤ ਜੰਮੂ ਏਅਰਪੋਰਟ ਦੇ ਏਅਰ ਫੋਰਸ ਸਟੇਸ਼ਨ ਦੇ ਅੰਦਰ ਦੋ ਧਮਾਕੇ ਹੋਏ ਹਨ। ਪਹਿਲਾ ਧਮਾਕਾ ਰਾਤ 1:37 ਵਜੇ ਹੋਇਆ ਅਤੇ ਦੂਜਾ ਧਮਾਕਾ ਠੀਕ 5 ਮਿੰਟ ਬਾਅਦ 1:42 ਵਜੇ ਹੋਇਆ। ਹਾਲਾਂਕਿ ਇਨ੍ਹਾਂ ਧਮਾਕਿਆਂ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਹਵਾਈ ਸੈਨਾ ਨੇ ਟਵੀਟ ਕੀਤਾ ਕਿ ਪਹਿਲਾ ਧਮਾਕਾ ਇਮਾਰਤ ਦੀ ਛੱਤ ‘ਤੇ ਹੋਇਆ ਅਤੇ ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ। ਇਸ ਧਮਾਕੇ ਨਾਲ ਸਿਰਫ ਇਮਾਰਤ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਹੈ।
ਹੁਣ ਧਮਾਕਿਆਂ ਵਿੱਚ ਅੱਤਵਾਦੀ ਹਮਲੇ ਦਾ ਕੋਣ ਵੀ ਸਾਹਮਣੇ ਆ ਰਿਹਾ ਹੈ। ਇਸ ਦੇ ਲਈ ਐਨਆਈਏ ਅਤੇ ਐਨਐਸਜੀ ਟੀਮਾਂ ਥੋੜ੍ਹੇ ਸਮੇਂ ਵਿੱਚ ਹੀ ਏਅਰ ਫੋਰਸ ਸਟੇਸ਼ਨ ਪਹੁੰਚਣ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਹੁਣ ਤੱਕ ਦੀ ਜਾਂਚ ਵਿੱਚ ਡਰੋਨ ਤੋਂ ਆਈਈਡੀ ਸੁੱਟਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਮੰਨਿਆ ਜਾਂ ਰਿਹਾ ਹੈ ਕਿ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਆਈਈਡੀ ਸੁੱਟੇ ਗਏ ਸਨ, ਕਿਉਂਕਿ ਏਅਰ ਫੋਰਸ ਸਟੇਸ਼ਨ ਅਤੇ ਸਰਹੱਦ ਵਿਚਕਾਰ ਦੂਰੀ ਸਿਰਫ 14 ਕਿਲੋਮੀਟਰ ਹੈ ਅਤੇ ਡਰੋਨ ਰਾਹੀਂ 12 ਕਿਲੋਮੀਟਰ ਤੱਕ ਹਥਿਆਰ ਸੁੱਟੇ ਜਾ ਸਕਦੇ ਹਨ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਹਵਾਈ ਸੈਨਾ ਦੀ ਉੱਚ ਪੱਧਰੀ ਜਾਂਚ ਟੀਮ ਜੰਮੂ ਪਹੁੰਚਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਨਿਸ਼ਾਨਾ ਏਅਰਬੇਸ ਵਿੱਚ ਖੜ੍ਹੇ ਜਹਾਜ਼ ਸਨ। ਹਾਲਾਂਕਿ, ਧਮਾਕਿਆਂ ਵਿੱਚ ਡਰੋਨ ਦੀ ਵਰਤੋਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਅਤੇ ਸਪੱਸ਼ਟ ਤੌਰ ‘ਤੇ ਕੁੱਝ ਵੀ ਨਹੀਂ ਕਿਹਾ ਜਾ ਰਿਹਾ ਹੈ, ਕਿਉਂਕਿ ਜਾਂਚ ਅਜੇ ਵੀ ਜਾਰੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਏਅਰ ਫੋਰਸ ਸਟੇਸ਼ਨ ‘ਤੇ ਹੀ ਖੁਦ ਕੁੱਝ ਹੋਇਆ ਸੀ, ਜਿਸ ਕਾਰਨ ਇਹ ਧਮਾਕੇ ਹੋਏ ਹਨ।