18ਵੀਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਵਿਧਾਨ ਸਭਾ ਉਪ ਚੋਣਾਂ ਦੀ ਵਾਰੀ ਹੈ। ਬੁੱਧਵਾਰ ਨੂੰ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਹ ਸੀਟਾਂ ਬਿਹਾਰ, ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਦੀਆਂ ਹਨ। ਬੰਗਾਲ ਦੀਆਂ 4 ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ 3 ਸੀਟਾਂ, ਉੱਤਰਾਖੰਡ ਦੀਆਂ 2 ਸੀਟਾਂ ਅਤੇ ਬਿਹਾਰ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਪੰਜਾਬ ਦੀ ਇਕ-ਇਕ ਸੀਟ ‘ਤੇ ਵੋਟਾਂ ਪੈ ਰਹੀਆਂ ਹਨ। ਪੰਜਾਬ ‘ਚ ਅੱਜ ਜਲੰਧਰ ਪੱਛਮੀ ਹਲਕੇ ‘ਚ ਵੋਟਿੰਗ ਹੋ ਰਹੀ ਹੈ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਅੰਗੁਰਾਲ ਨੇ ‘ਆਪ’ ਦੀ ਟਿਕਟ ‘ਤੇ ਚੋਣ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ‘ਚ ਸ਼ਾਮਿਲ ਹੋ ਗਏ ਅਤੇ ਅਸਤੀਫਾ ਦੇ ਦਿੱਤਾ। ਸੀਟ ‘ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ।
ਜਲੰਧਰ ਸੀਟ ‘ਤੇ ਕਾਂਗਰਸ ਨੇ ਸੁਰਿੰਦਰ ਕੌਰ, ਭਾਜਪਾ ਨੇ ਸ਼ੀਤਲ ਅੰਗੁਰਾਲ ਅਤੇ ‘ਆਪ’ ਨੇ ਮਹਿੰਦਰ ਭਗਤ ‘ਤੇ ਦਾਅ ਲਗਾਇਆ ਹੈ। ਇਸੇ ਤਰ੍ਹਾਂ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪਰ ਪਾਰਟੀ ਨੇ ਬਾਗੀ ਧੜੇ ਨਾਲ ਹੋਣ ਦਾ ਦੋਸ਼ ਲਾਉਂਦਿਆਂ ਸਮਰਥਨ ਵਾਪਿਸ ਲੈ ਲਿਆ ਅਤੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਬਿੰਦਰ ਕੁਮਾਰ ਇੱਥੇ ਬਸਪਾ ਵੱਲੋਂ ਚੋਣ ਲੜ ਰਹੇ ਹਨ। ਇੱਥੇ ਕੁੱਲ 15 ਉਮੀਦਵਾਰ ਮੈਦਾਨ ‘ਚ ਹਨ।