ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾ ਨੇੜੇ ਆਉਂਦੀਆਂ ਜਾ ਰਹੀਆਂ ਹਨ, ਓਦਾਂ-ਓਦਾਂ ਪੰਜਾਬ ‘ਚ ਸਿਆਸੀ ਪਾਰਾ ਵੀ ਵੱਧਦਾ ਜਾ ਰਿਹਾ ਹੈ। ਹਰ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਰਹੀ ਹੈ ਤੇ ਇਸੇ ਦੌਰਾਨ ਆਗੂਆਂ ਦਾ ਪਾਰਟੀਆਂ ‘ਚ ਆਉਣ ਜਾਣ ਵੀ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹੁਣ ਪੰਜਾਬ ‘ਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਗਲੀਆਂ ਚੋਣਾਂ ਲਈ ਪਾਰਟੀ ਦੀ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਦਰਅਸਲ ਬੁੱਧਵਾਰ ਨੂੰ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸੇ ਨੂੰ ਵੀ ਚੋਣਾਂ ਲਈ ਸੀ. ਐੱਮ. ਚਿਹਰਾ ਐਲਾਨ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਵਿਧਾਇਕਾਂ ਦੀ ਸਹਿਮਤੀ ਨਾਲ ਮੁੱਖ ਮੰਤਰੀ ਦਾ ਫ਼ੈਸਲਾ ਹੋਵੇਗਾ। ਸੁਨੀਲ ਜਾਖੜ ਦਾ ਇਹ ਬਿਆਨ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸਾਹਮਣੇ ਆਇਆ ਹੈ। ਉੱਥੇ ਹੀ, ਇਸ ਦੌਰਾਨ ਉਨ੍ਹਾਂ ਨੇ ਸੀਨੀਅਰ ਕਾਂਗਰਸੀ ਆਗੂ ਫਤਿਹ ਸਿੰਘ ਬਾਜਵਾ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਪੁੱਛੇ ਸਵਾਲ ‘ਤੇ ਕਿਹਾ ਕਿ ਇਹ ਬਾਜਵਾ ਵੱਲੋਂ ਲਿਆ ਗਿਆ ਫੈਸਲਾ ਸੂਝ-ਬੂਝ ਵਾਲਾ ਨਹੀਂ ਹੈ ਕਿਉਂਕਿ ਮੌਜੂਦਾ ਸਮੇਂ ਪੰਜਾਬ ਵਿੱਚ ਭਾਜਪਾ ਦਾ ਕੋਈ ਵਜ਼ੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਉਨ੍ਹਾਂ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਕਿਉਂ ਫੜਿਆ?