ਪੰਜਾਬ ‘ਚ ਬੇਅਦਬੀ ਦੇ ਮਾਮਲਿਆਂ ‘ਤੇ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦੈ ਕਿ ਸਰਹੱਦ ਪਾਰ ਤੋਂ ਪੰਜਾਬ ਵਿਚ ਗੜਬੜੀ ਦੀ ਸਾਜ਼ਿਸ਼ ਹੋ ਰਹੀ ਹੈ। ਬੇਅਦਬੀ ਮਾਮਲੇ ’ਤੇ ਕਾਂਗਰਸ ਆਗੂ ਅਤੇ ਪੰਜਾਬ ਚੋਣਾਂ ਲਈ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਕੋਈ ਵੀ ਪਾਰਟੀ ਅਜਿਹੀ ਘਿਣਾਉਣੀ ਮਾਨਸਿਕਤਾ ਨਹੀਂ ਰੱਖ ਸਕਦੀ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਰਹੱਦ ਪਾਰੋਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਾਖੜ ਨੇ ਕਿਹਾ ਕਿ ਮੈਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦਾ ਹਾਂ। ਮੇਰੀ ਅਪੀਲ ਹੈ ਕਿ ਅਜਿਹੇ ਸਮੇਂ ਸਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਹੀਂ ਹੋਣਗੀਆਂ ਪਰ ਅਜਿਹੀਆਂ ਕੋਸ਼ਿਸ਼ਾਂ ਜ਼ਰੂਰ ਹੋ ਸਕਦੀਆਂ ਹਨ। ਦੋਸ਼ੀ ਦੇ ਫੜੇ ਜਾਣ ‘ਤੇ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਜਾਂਚ ਲਈ ਸੌਂਪਣਾ ਚਾਹੀਦਾ ਹੈ।ਇਸ ਨਾਲ ਹੀ ਅਸੀਂ ਇਸ ਦੀ ਜੜ੍ਹ ਤੱਕ ਪਹੁੰਚ ਸਕਾਂਗੇ ਤੇ ਪ੍ਰਭਾਵੀ ਐਕਸ਼ਨ ਲਿਆ ਜਾ ਸਕੇਗਾ।