ਲੱਗਭਗ ਬੀਤੇ 10 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਲਗਾਤਾਰ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਉੱਥੇ ਹੀ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਮੋਰਚੇ ‘ਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ।
ਇਸੇ ਸਬੰਧ ਵਿੱਚ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਇੱਕ ਪਿੰਡ ਵਿੱਚ ਕਿਸਾਨ ਮੀਟਿੰਗ ਨੂੰ ਸੰਬੋਧਨ ਕਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਮੋਰਚੇ ਵਿੱਚ ਜਾਣ ਦੇ ਬਿਆਨ ‘ਤੇ ਕਿਹਾ ਕਿ ਉਹ ਉਥੇ ਨਾ ਜਾਣ ਸਗੋਂ ਪੰਜਾਬ ਚ ਹੀ ਕਿਸਾਨਾਂ ਨਾਲ ਕਰਜਾ ਮੁਆਫੀ ਵਰਗੇ ਕੀਤੇ ਵਾਅਦੇ ਪੂਰੇ ਕਰਨ। ਇਸ ਦੌਰਾਨ ਕਿਸਾਨ ਆਗੂ ਨੇ ਕਿਸਾਨਾਂ ਨੂੰ ਦਿੱਲੀ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਆ , ਉਥੇ ਹੀ 27 ਸਤੰਬਰ ਦੇ ਬੰਦ ਵਿੱਚ ਵੀ ਹਰ ਵਰਗ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।