ਕਿਸਾਨ ਅੰਦੋਲਨ ਦਾ 1 ਸਾਲ ਪੂਰਾ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ 9 ਮੈਂਬਰੀ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਸੀ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਭਾਜਪਾ ਦੀ ਮੋਦੀ ਸਰਕਾਰ ਇੱਕ ਜੁਮਲੇਵਾਜ ਸਰਕਾਰ ਹੈ। ਇੰਨ੍ਹਾਂ ਦੀ ਕਹਿਣੀ ਅਤੇ ਕਥਨੀ ਵਿੱਚ ਸ਼ੁਰੂ ਤੋਂ ਹੀ ਅੰਤਰ ਰਿਹਾ ਹੈ ਇਸ ਲਈ BKU ਏਕਤਾ ਸਿੱਧੂਪੁਰ ਦਾ ਸ਼ੁਰੂ ਤੋਂ ਹੀ ਸਪਸ਼ਟ ਸਟੈਂਡ ਰਿਹਾ ਹੈ ਕਿ ਅਸੀਂ ਤਿੰਨੇ ਕਾਨੂੰਨ ਰੱਦ ਕਰਵਾਏ ਬਿਨਾਂ ਅਤੇ MSP ਦੀ ਗਰੰਟੀ ਕਾਨੂੰਨ,ਪਰਾਲੀ ਕਾਨੂੰਨ, ਬਿਜਲੀ ਸੋਧ ਕਾਨੂੰਨ ਇਹਨਾ ਸਾਰੇ ਮਸਲਿਆਂ ਦਾ ਹੱਲ ਕਰਵਾਏ ਬਿਨਾਂ ਬਾਰਡਰ ਖ਼ਾਲੀ ਨਹੀ ਕਰਾਂਗੇ।
ਇਸ ਤੋਂ ਇਲਾਵਾ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਅਤੇ ਅੰਦੋਲਨਕਾਰੀ ਦੌਰਨ ਜੋ ਕਿਸਾਨਾਂ ਉੱਪਰ ਪਰਚੇ ਹੋਏ ਹਨ ਜਦੋ ਤੱਕ ਉਹ ਰੱਦ ਨਹੀਂ ਹੁੰਦੇ BKU ਏਕਤਾ ਸਿੱਧੂਪੁਰ ਬਾਰਡਰਾ ਤੋਂ ਵਾਪਸੀ ਨਹੀਂ ਕਰੇਗੀ, ਜਗਜੀਤ ਸਿੰਘ ਡੱਲੇਵਾਲ ਨੇ ਅੰਦੋਲਨਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋ ਤੱਕ ਸਰਕਾਰ ਸਾਰੇ ਮਸਲੇ ਹੱਲ ਨਹੀਂ ਕਰਦੀ ਉਦੋਂ ਤੱਕ ਸਾਰੇ ਅੰਦੋਲਨਕਾਰੀ ਬਾਰਡਰਾ ਤੇ ਡਟੇ ਰਹਿਣਅਤੇ ਕਿਸਾਨ ਹਿਤੈਸ਼ੀ ਵੀਰਾਂ ਨੂੰ ਦਿੱਲੀ ਦੇ ਬਾਰਡਰਾ ਤੇ ਪਹੁੰਚਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹੈ। ਇਸ ਦੌਰਾਨ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕਿਸਾਨ ਅੱਜ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ ਆਪਣੇ ਸੰਘਰਸ਼ ਨੂੰ ਅੱਗੇ ਵਧਾ ਰਹੇ ਹਨ।