ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸ਼ਾਮਿਲ ਗੈਂਗਸਟਰ ਜੱਗੂ ਭਗਵਾਨਪੁਰੀਆ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਹੱਥੋਂ ਨਿਕਲ ਗਿਆ ਹੈ। ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਜੱਗੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲਿਸ ਦੇ ਕਿਸੇ ਵੀ ਜ਼ਿਲ੍ਹੇ ਜਾਂ ਹੋਰ ਵਿਸ਼ੇਸ਼ ਪੁਲਿਸ ਨੇ ਜੱਗੂ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ 22 ਦਸੰਬਰ ਨੂੰ ਜੱਗੂ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪ੍ਰੋਡਕਸ਼ਨ ਵਾਰੰਟ ‘ਤੇ ਬਠਿੰਡਾ ਤੋਂ ਲਿਆਂਦਾ ਸੀ। ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ। ਜਦੋਂ ਪਿਛਲੇ ਹਫ਼ਤੇ ਮੁੜ ਰਿਮਾਂਡ ਦੀ ਮੰਗ ਕੀਤੀ ਗਈ ਤਾਂ 5 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਸੀ ਪਰ ਇਸ ਵਾਰ ਪੰਜਾਬ ਪੁਲਿਸ ਕੋਈ ਠੋਸ ਸਬੂਤ ਨਹੀਂ ਦੇ ਸਕੀ ਅਤੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜੱਗੂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਦਰਅਸਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਜੱਗੂ ਭਗਵਾਨਪੁਰੀਆ ਦੇ ਕੁੱਝ ਕਰੀਬੀਆਂ ਨੂੰ ਹਿਰਾਸਤ ‘ਚ ਲਿਆ ਸੀ। ਜਿਨ੍ਹਾਂ ਕੋਲੋਂ ਕੁਝ ਜਾਅਲੀ ਪਾਸਪੋਰਟ ਬਰਾਮਦ ਹੋਏ ਸਨ। ਬਾਅਦ ਵਿੱਚ ਸਾਰਾ ਮਾਮਲਾ ਸਾਹਮਣੇ ਆਇਆ ਕਿ ਜੱਗੂ ਆਪਣੇ ਕਰੀਬੀਆਂ ਦੇ ਪਾਸਪੋਰਟ ਬਣਵਾ ਰਿਹਾ ਸੀ। ਜੱਗੂ ਨੇ ਆਪਣੇ ਕਈ ਸਾਥੀਆਂ ਨੂੰ ਫਰਜ਼ੀ ਪਾਸਪੋਰਟਾਂ ਦੇ ਆਧਾਰ ‘ਤੇ ਵਿਦੇਸ਼ ਭੇਜਿਆ ਸੀ।