ਬਾਲੀਵੁੱਡ ਸਟਾਰ ਜੈਕਲੀਨ ਫਰਨਾਂਡੀਜ਼ ਦਾ ਨਾਂ ਸੁਕੇਸ਼ ਚੰਦਰਸ਼ੇਖਰ ਮਾਮਲੇ ਨੂੰ ਲੈ ਕੇ ਲਗਾਤਾਰ ਸੁਰਖੀਆਂ ‘ਚ ਹੈ। ਬੁੱਧਵਾਰ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਹੁਣ ਖਬਰਾਂ ਆ ਰਹੀਆਂ ਹਨ ਕਿ ਜੈਕਲੀਨ ਕਨਮੈਨ ਸੁਕੇਸ਼ ਚੰਦਰਸ਼ੇਖਰ ਨਾਲ ਵਿਆਹ ਦੇ ਸੁਪਨੇ ਸਜਾ ਰਹੀ ਸੀ।
ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਚੰਦਰਸ਼ੇਖਰ ਕੇਸ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਦੇ ਜ਼ਰੀਏ ਗੈਰ-ਕਾਨੂੰਨੀ ਢੰਗ ਨਾਲ ਹਾਸਿਲ ਕੀਤੇ ਪੈਸਿਆਂ ਤੋਂ ਤੋਹਫ਼ੇ ਅਤੇ ਆਰਥਿਕ ਲਾਭ ਮਿਲੇ ਸਨ। ਇੱਕ ਰਿਪੋਰਟ ਮੁਤਾਬਿਕ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਤੋਂ ਇੰਨੀ ਪ੍ਰਭਾਵਿਤ ਹੋਈ ਸੀ ਕਿ ਉਹ ਸੁਕੇਸ਼ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮੰਨਣ ਲੱਗੀ ਸੀ ਅਤੇ ਸੁਕੇਸ਼ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।