ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਦਿੱਤੀ ਹੈ। ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਦੀ ਜ਼ਮਾਨਤ ਦੀਆਂ ਸ਼ਰਤਾਂ ਨੂੰ ਸੋਧਣ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਜੈਕਲੀਨ ਨੂੰ ਦੇਸ਼ ਛੱਡਣ ਤੋਂ 3 ਦਿਨ ਪਹਿਲਾਂ ਅਦਾਲਤ ਅਤੇ ਈਡੀ ਨੂੰ ਸੂਚਿਤ ਕਰਨਾ ਪਏਗਾ।
ਪਟਿਆਲਾ ਹਾਊਸ ਕੋਰਟ ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਇਸ ਮਾਮਲੇ ਵਿੱਚ ਜੈਕਲੀਨ ਨੂੰ ਰਾਹਤ ਦਿੱਤੀ ਹੈ। ਜੈਕਲੀਨ ਦੀ ਤਰਫੋਂ ਐਡਵੋਕੇਟ ਪ੍ਰਸ਼ਾਂਤ ਪਟੇਲ ਨੇ ਆਪਣਾ ਪੱਖ ਪੇਸ਼ ਕੀਤਾ। ਜੈਕਲੀਨ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਤਿੰਨ ਦਿਨ ਪਹਿਲਾਂ ਈਡੀ ਅਤੇ ਅਦਾਲਤ ਨੂੰ ਸੂਚਿਤ ਕਰਨਾ ਪਏਗਾ। ਯਾਨੀ ਜੇਕਰ ਜੈਕਲੀਨ ਆਪਣੇ ਕਿਸੇ ਵੀ ਪ੍ਰੋਜੈਕਟ ਦੇ ਸਿਲਸਿਲੇ ‘ਚ ਵਿਦੇਸ਼ ਜਾਂਦੀ ਹੈ ਤਾਂ ਉਸ ਨੂੰ ਕੋਰਟ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਪਿਛਲੇ ਸਾਲ ਨਵੰਬਰ ‘ਚ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਜ਼ਮਾਨਤ ਦਿੰਦੇ ਹੋਏ ਅਦਾਲਤ ਨੇ ਇਹ ਸ਼ਰਤ ਰੱਖੀ ਸੀ ਕਿ ਉਹ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡੇਗੀ।
ਅਦਾਲਤ ਨੇ ਇਸ ਆਧਾਰ ‘ਤੇ ਜ਼ਮਾਨਤ ਦੀਆਂ ਸ਼ਰਤਾਂ ਵਿਚ ਢਿੱਲ ਦਿੱਤੀ ਕਿ ਅਭਿਨੇਤਰੀ ਨੇ ਅਤੀਤ ਵਿੱਚ ਸ਼ਰਤਾਂ ਦੀ ਦੁਰਵਰਤੋਂ ਨਹੀਂ ਕੀਤੀ ਸੀ, ਇਕ ਵਾਰ ਜੈਕਲੀਨ ਫਰਨਾਂਡੀਜ਼ ਵਿਦੇਸ਼ ਯਾਤਰਾ ਲਈ ਜਾਣਕਾਰੀ ਦੇਣ ਲਈ ਅਰਜ਼ੀ ਦਾਇਰ ਕਰੇਗੀ, ਉਸ ਦਾ ਪਾਸਪੋਰਟ ਤੁਰੰਤ ਬਹਾਲ ਕਰ ਦਿੱਤਾ ਜਾਵੇਗਾ ਜਦੋ 50 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਰਸੀਦ ਜਮ੍ਹਾਂ ਕਰਵਾਈ ਜਾਵੇਗੀ। ਐਫਡੀਆਰ ਉਦੋਂ ਜਾਰੀ ਕੀਤਾ ਜਾਵੇਗਾ ਜਦੋਂ ਉਹ ਵਿਦੇਸ਼ ਤੋਂ ਵਾਪਿਸ ਆਵੇਗੀ ਅਤੇ ਪਾਸਪੋਰਟ ਵਾਪਸ ਸੌਂਪਿਆ ਜਾਵੇਗਾ।
ਅਦਾਲਤ ਨੇ ਕਿਹਾ ਕਿ ਜੈਕਲੀਨ ਫਿਲਮ ਇੰਡਸਟਰੀ ‘ਚ ਕੰਮ ਕਰਦੀ ਹੈ, ਉਸ ਨੂੰ ਆਪਣੇ ਕੰਮ ਦੇ ਸਿਲਸਿਲੇ ‘ਚ ਲਗਾਤਾਰ ਵਿਦੇਸ਼ ਜਾਣਾ ਪੈਂਦਾ ਹੈ, ਵਿਦੇਸ਼ ਜਾਣ ਤੋਂ ਪਹਿਲਾਂ ਉਸ ਨੂੰ ਸਾਰਾ ਵੇਰਵਾ ਦੇਣਾ ਪਏਗਾ ਕਿ ਉਹ ਕਿਸ ਦੇਸ਼ ‘ਚ ਜਾ ਰਹੀ ਹੈ, ਕਿੰਨੇ ਦਿਨ ਰੁਕੇਗੀ। ਉੱਥੇ ਕਿੰਨੇ ਦਿਨ ਰਹਿਣਾ ਹੋਵੇਗਾ ਅਤੇ ਉੱਥੇ ਦਾ ਪਤਾ ਅਤੇ ਫ਼ੋਨ ਨੰਬਰ ਵੀ ਦੇਣਾ ਹੋਵੇਗਾ। ਜੈਕਲੀਨ ਫਰਨਾਂਡੀਜ਼ ਨੇ ਪਹਿਲਾਂ ਹੀ ਅਦਾਲਤ ਨੂੰ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਸੀ, ਮਈ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ, ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਫਰਨਾਂਡੀਜ਼ ਨੂੰ ਦੁਬਈ ਵਿੱਚ ਆਈਫਾ ਐਵਾਰਡਜ਼ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਸੀ।