ਪੰਜਾਬੀ ਗੀਤਕਾਰ ਜਾਨੀ ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਜਾਨੀ ਨੇ ਦੱਸਿਆ ਕਿ ਮੈਨੂੰ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਨੀ ਨੇ ਕਿਹਾ ਕਿ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਮੈਂ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਵਿਦੇਸ਼ ਸ਼ਿਫਟ ਕਰ ਚੁੱਕਾ ਹਾਂ। ਗੈਂਗਸਟਰ ਮੇਰੇ ਮੈਨੇਜਰ ਨੂੰ ਵੀ ਧਮਕੀਆਂ ਦੇ ਰਹੇ ਹਨ। ਖ਼ਤਰੇ ਦੇ ਮੱਦੇਨਜ਼ਰ ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪੁਲਿਸ, ਏਡੀਜੀਪੀ (ਸੁਰੱਖਿਆ) ਅਤੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਜਾਨੀ ਦੇ ਮੈਨੇਜਰ ਨੇ ਵੀ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਗਾਇਕ ਜਾਨੀ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਹੈ।
ਪੱਤਰ ਵਿੱਚ ਜਾਨੀ ਨੇ ਲਿਖਿਆ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੰਮ ਕਾਰਨ ਮੈਨੂੰ ਸ਼ੂਟਿੰਗ ਲਈ ਕਈ ਵਾਰ ਬਾਹਰ ਜਾਣਾ ਪੈਂਦਾ ਹੈ। ਧਮਕੀਆਂ ਮਿਲਣ ਕਾਰਨ ਇਸ ਵਿੱਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਜਾਨੀ ਨੇ ਆਪਣੇ ਪੱਤਰ ਵਿੱਚ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਵੀ ਜ਼ਿਕਰ ਕੀਤਾ ਹੈ।