ਇਟਲੀ ‘ਚ ਰਹਿ ਰਹੇ ਇੱਕ ਪੰਜਾਬੀ ਦੀ ਹਾਲ ਹੀ ‘ਚ ਉਸ ਸਮੇਂ ਬਹੁਤ ਹੀ ਦੁਖਦਾਈ ਮੌਤ ਹੋ ਗਈ ਜਦੋਂ ਉਸ ਦਾ ਹੱਥ ਖੇਤਾਂ ‘ਚ ਵਾਪਰੇ ਇੱਕ ਹਾਦਸੇ ਦੌਰਾਨ ਕੱਟਿਆ ਗਿਆ ਅਤੇ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਦੇ ਮਾਲਕ ਨੇ ਉਸ ਨੂੰ ਗੰਭੀਰ ਹਾਲਤ ‘ਚ ਘਰ ਦੇ ਬਾਹਰ ਕੂੜੇ ਵਾਂਗ ਸੁੱਟ ਦਿੱਤਾ। ਇਟਲੀ ਦੀ ਰਾਜਧਾਨੀ ਰੋਮ ਦੇ ਦੱਖਣ ਵਿੱਚ ਸਥਿਤ ਲਾਤੀਨਾ ਨਾਂ ਦੇ ਇੱਕ ਪਿੰਡ ਵਿੱਚ ਭਾਰਤੀ ਕਾਮੇ ਪ੍ਰਵਾਸੀਆਂ ਵਜੋਂ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਸਤਨਾਮ ਸਿੰਘ ਸੀ। ਸਤਨਾਮ ਸਿੰਘ 17 ਜੂਨ ਸੋਮਵਾਰ ਨੂੰ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਜਿੱਥੇ ਇੱਕ ਹਾਦਸੇ ਦੌਰਾਨ ਉਸਦਾ ਹੱਥ ਕੱਟਿਆ ਗਿਆ। ਉਸ ਨੂੰ ਦਰਦ ‘ਚ ਦੇਖ ਕੇ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਦੇ ਮਾਲਕ ਨੇ ਉਸ ਨੂੰ ਉਸ ਦੇ ਘਰ ਦੇ ਬਾਹਰ ਛੱਡ ਦਿੱਤਾ, ਜਿੱਥੇ ਉਹ ਕਾਫੀ ਦੇਰ ਤਕ ਦਰਦ ‘ਚ ਪਿਆ ਰਿਹਾ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ।
ਇਟਲੀ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਤਨਾਮ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਸਤਨਾਮ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਸ ਮੌਤ ਦੀ ਜਾਣਕਾਰੀ ਦਿੰਦੇ ਹੋਏ ਭਾਰਤੀ ਦੂਤਾਵਾਸ ਨੇ ਲਿਖਿਆ ਕਿ ਇਟਲੀ ਦੇ ਲਾਤੀਨਾ ‘ਚ ਭਾਰਤੀ ਨਾਗਰਿਕ ਦੀ ਮੰਦਭਾਗੀ ਮੌਤ ਤੋਂ ਦੂਤਾਵਾਸ ਜਾਣੂ ਹੈ। ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ। ਪਰਿਵਾਰ ਨਾਲ ਸੰਪਰਕ ਕਰਨ ਅਤੇ ਕੌਂਸਲਰ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਫਲਾਈ ਸੀਜੀਆਈਐਲ ਟਰੇਡ ਯੂਨੀਅਨ (ਖੇਤੀਬਾੜੀ ਅਤੇ ਭੋਜਨ ਉਦਯੋਗ ਵਿੱਚ ਕਾਮਿਆਂ ਲਈ ਇੱਕ ਇਤਾਲਵੀ ਸੰਗਠਨ) ਨੇ ਦੱਸਿਆ ਕਿ ਸਤਨਾਮ ਖੇਤਾਂ ਵਿੱਚ ਕੰਮ ਕਰਦੇ ਸਮੇਂ ਜ਼ਖਮੀ ਹੋ ਗਿਆ ਸੀ। ਇਟਾਲੀਅਨ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਉਮੀਦ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ। ਜਾਣਕਾਰੀ ਮੁਤਾਬਿਕ ਪੁਲਿਸ ਨੇ ਦੱਸਿਆ ਕਿ ਸਤਨਾਮ ਦੀ ਪਤਨੀ ਅਤੇ ਦੋਸਤਾਂ ਨੇ ਦੱਸਿਆ ਕਿ ਸਤਨਾਮ ਕੋਲ ਇਟਲੀ ‘ਚ ਕੰਮ ਕਰਨ ਲਈ ਉਚਿਤ ਕਾਨੂੰਨੀ ਦਸਤਾਵੇਜ਼ ਨਹੀਂ ਸਨ।