ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਡੀਪਫੇਕ ਵੀਡੀਓ ਦੇ ਮਾਮਲੇ ‘ਚ ਮੁਆਵਜ਼ੇ ਦੀ ਮੰਗ ਕੀਤੀ ਹੈ। ਮੁਆਵਜ਼ੇ ਦੀ ਇਹ ਰਕਮ 1 ਲੱਖ ਯੂਰੋ ਯਾਨੀ 90 ਲੱਖ ਰੁਪਏ ਹੋਵੇਗੀ। ਇਹ ਕੇਸ ਸਾਰਡੀਨੀਆ ਦੀ ਸਾਸਾਰੀ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਪ੍ਰਧਾਨ ਮੰਤਰੀ ਮੇਲੋਨੀ ਦੀ ਗਵਾਹੀ 2 ਜੁਲਾਈ, 2024 ਨੂੰ ਹੋਣੀ ਹੈ।
ਕੀ ਹੈ ਪੂਰਾ ਮਾਮਲਾ?
ਸਾਲ 2022 ਵਿੱਚ, ਜਾਰਜੀਆ ਮੇਲੋਨੀ ਦਾ ਵੀਡੀਓ ਇੱਕ ਅਮਰੀਕੀ ਬਾਲਗ ਸਮੱਗਰੀ ਦੀ ਵੈੱਬਸਾਈਟ ‘ਤੇ ਪੋਸਟ ਕੀਤਾ ਗਿਆ ਸੀ। ਜਾਰਜੀਆ ਮੇਲੋਨੀ ਉਸ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਨਹੀਂ ਸੀ। ਦੋਸ਼ੀ ਨੇ ਜਾਰਜੀਆ ਦਾ ਚਿਹਰਾ ਇੱਕ ਬਾਲਗ ਫਿਲਮ ਸਟਾਰ ਦੇ ਚਿਹਰੇ ‘ਤੇ ਲਗਾ ਦਿੱਤਾ ਸੀ। ਯਾਨੀ ਫੇਸ ਮੋਰਫਿੰਗ ਤਕਨੀਕ ਰਾਹੀਂ ਮੇਲੋਨੀ ਦੀ ਡੀਪਫੇਕ ਵੀਡੀਓ ਬਣਾਈ ਗਈ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਬਾਲਗ ਵੀਡੀਓ ਅਪਲੋਡ ਕਰਨ ਲਈ ਜਿਸ ਮੋਬਾਈਲ ਦੀ ਵਰਤੋਂ ਕੀਤੀ ਗਈ ਸੀ। ਪੁਲੀਸ ਨੇ ਉਸ ਮੋਬਾਈਲ ਨੂੰ ਟਰੇਸ ਕਰਕੇ 40 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਦੇ 73 ਸਾਲਾ ਪਿਤਾ ਵੀ ਇਸ ਕੰਮ ਵਿੱਚ ਸ਼ਾਮਿਲ ਸਨ। ਦੋਵਾਂ ਨੇ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਫਰਜ਼ੀ ਵੀਡੀਓ ਬਣਾਈ ਸੀ।
ਸਜ਼ਾ ਕੀ ਹੋ ਸਕਦੀ ਹੈ?
ਮੇਲੋਨੀ ਦੀ ਟੀਮ ਵੱਲੋਂ ਜਾਰੀ ਬਿਆਨ ਮੁਤਾਬਿਕ 2022 ਵਿੱਚ ਅਪਲੋਡ ਕੀਤੀ ਗਈ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਇਟਾਲੀਅਨ ਕਾਨੂੰਨ ਮੁਤਾਬਿਕ ਇਹ ਅਜਿਹਾ ਅਪਰਾਧ ਹੈ ਜਿਸ ਲਈ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਜਦੋਂ ਮੁਲਜ਼ਮ ਫੜੇ ਗਏ ਤਾਂ ਮੁਕੱਦਮਾ ਸ਼ੁਰੂ ਹੋ ਗਿਆ। ਜਾਰਜੀਆ ਮੇਲੋਨੀ ਦੀ ਤਰਫੋਂ ਦੋਵਾਂ ਦੋਸ਼ੀਆਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਹੁਣ ਹਰਜਾਨੇ ਵਜੋਂ 1 ਲੱਖ ਯੂਰੋ ਯਾਨੀ ਕਰੀਬ 90 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।