ਭਾਰਤ ਦੇ ਦੌਰੇ ‘ਤੇ ਆਏ ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡੀ ਮੇਓ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਨੇਤਾਵਾਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ, ਹਰੀ ਊਰਜਾ ਸਮੇਤ ਦੁਵੱਲੇ ਸਬੰਧਾਂ ‘ਤੇ ਚਰਚਾ ਹੋਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਇਟਲੀ ਦੇ ਵਿਦੇਸ਼ ਮੰਤਰੀ ਲੁਈਗੀ ਡੀ ਮੇਓ ਦੀ ਪਹਿਲੀ ਭਾਰਤ ਯਾਤਰਾ ‘ਤੇ ਉਨ੍ਹਾਂ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ। ਇਟਲੀ ਦੇ ਵਿਦੇਸ਼ ਮੰਤਰੀ ਤਿੰਨ ਦਿਨਾਂ ਭਾਰਤ ਦੌਰੇ ‘ਤੇ ਹਨ। ਯਾਤਰਾ ਦੀ ਸ਼ੁਰੂਆਤ ‘ਚ ਵੀਰਵਾਰ ਨੂੰ ਉਨ੍ਹਾਂ ਨੇ ਬੈਂਗਲੁਰੂ ‘ਚ ਕਰਨਾਟਕ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਫੋਟੋ ਦੇ ਨਾਲ ਟਵੀਟ ਕੀਤਾ, “ਇਟਾਲੀਅਨ ਵਿਦੇਸ਼ ਮੰਤਰੀ ਲੁਈਗੀ ਡੀ ਮੇਓ ਨਾਲ ਇੱਕ ਸੁਹਿਰਦ ਅਤੇ ਸਕਾਰਾਤਮਕ ਮੁਲਾਕਾਤ ਹੋਈ। ਸਾਈਬਰ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ ਸਮੇਤ ਪੁਲਾੜ ਖੇਤਰਾਂ ਵਿੱਚ ਸਾਡੇ ਵੱਧਦੇ ਸਹਿਯੋਗ ਬਾਰੇ ਚਰਚਾ ਕੀਤੀ। ‘ਮੇਕ ਇਨ ਇੰਡੀਆ’ ਵਿੱਚ ਇਟਾਲੀਅਨ ਕੰਪਨੀਆਂ ਦੀ ਵੱਧ ਰਹੀ ਦਿਲਚਸਪੀ, ਤਕਨਾਲੋਜੀ ਦਾ ਤਬਾਦਲਾ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਵਧਾਏਗਾ। ਧਿਆਨ ਯੋਗ ਹੈ ਕਿ ਲੁਈਗੀ ਡੀ ਮੇਓ 4 ਤੋਂ 6 ਮਈ ਤੱਕ ਭਾਰਤ ਦੌਰੇ ‘ਤੇ ਆਏ ਹਨ। ਉਨ੍ਹਾਂ ਦੇ ਨਾਲ ਉੱਚ ਪੱਧਰੀ ਅਧਿਕਾਰੀ ਅਤੇ ਵਪਾਰਕ ਵਫ਼ਦ ਵੀ ਗਿਆ ਹੈ।