ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ ‘ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦੋਵੇਂ ਗਾਇਕਾਂ ਦੇ ਘਰ ਇੱਕੋ ਸਮੇਂ ਪਹੁੰਚੀਆਂ ਸਨ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਗਾਇਕ ਕਿਸਾਨ ਅੰਦੋਲਨ ਦੌਰਾਨ ਕਾਫੀ ਸਰਗਰਮ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀ ਟੀਮ ਸੋਮਵਾਰ ਸਵੇਰੇ ਮੋਹਾਲੀ ਦੇ ਸੈਕਟਰ 104 ਸਥਿਤ ਕੰਵਰ ਗਰੇਵਾਲ ਦੇ ਘਰ ਪਹੁੰਚੀ ਸੀ। ਸੀਆਰਪੀਐਫ ਦੇ ਜਵਾਨ ਵੀ ਟੀਮ ਦੇ ਨਾਲ ਸਨ। ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਅਤੇ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।
ਇਨਕਮ ਟੈਕਸ ਵਿਭਾਗ ਦੀ ਟੀਮ ਸੋਮਵਾਰ ਤੋਂ ਰਣਜੀਤ ਬਾਵਾ ਦੇ ਬਟਾਲਾ ਸਥਿਤ ਘਰ, ਜੱਦੀ ਘਰ ਅਤੇ ਚੰਡੀਗੜ੍ਹ ਸਥਿਤ ਘਰ ਅਤੇ ਦਫਤਰ ‘ਤੇ ਵੀ ਕਾਰਵਾਈ ਕਰ ਰਹੀ ਹੈ। ਇੱਥੇ ਵੀ ਵਿਭਾਗ ਵੱਲੋਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਰਿਕਾਰਡ ਜ਼ਬਤ ਕੀਤਾ ਜਾ ਰਿਹਾ ਹੈ। ਇਨਕਮ ਟੈਕਸ ਦੀਆਂ ਟੀਮਾਂ ਨੇ ਰਣਜੀਤ ਬਾਵਾ ਦੇ ਪੀਏ ਅਤੇ ਦੋਸਤ ਦੇ ਘਰ ਵੀ ਛਾਪਾ ਮਾਰਿਆ।