ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਗਲੇ ਮਹੀਨੇ ਜੇਲ੍ਹ ‘ਚੋਂ ਬਾਹਰ ਆ ਸਕਦੇ ਹਨ। 26 ਜਨਵਰੀ ਨੂੰ ਪਟਿਆਲਾ ਕੇਂਦਰੀ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਤੈਅ ਮੰਨੀ ਜਾ ਰਹੀ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਸ਼ਾਮ ਨੂੰ 50 ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਜਿਸ ਵਿੱਚ ਸਿੱਧੂ ਦਾ ਨਾਂ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਨਵਜੋਤ ਸਿੱਧੂ ਨੂੰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਹਾੜੇ ਨੂੰ ਮੁੱਖ ਰੱਖ ਕੇ ਬਣਾਏ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਤਹਿਤ ਰਿਹਾਅ ਕੀਤਾ ਜਾ ਸਕਦਾ ਹੈ। ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁੜ ਸਿਆਸਤ ਵਿੱਚ ਸਰਗਰਮ ਹੋਣਗੇ।
ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਸਿੱਧੂ ਦਾ ਨਾਂ ਇਸ ਸੂਚੀ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਨਹੀਂ ਕੀਤਾ ਗਿਆ ਹੈ ਬਲਕਿ ਜੋ ਸੂਚੀ ਤਿਆਰ ਕੀਤੀ ਗਈ ਹੈ, ਉਸ ਵਿੱਚ ਹੀ ਉਨ੍ਹਾਂ ਦਾ ਨਾਂ ਸ਼ਾਮਿਲ ਹੈ। ਸਿੱਧੂ ਮਈ ਤੋਂ ਜੇਲ੍ਹ ਵਿੱਚ ਹਨ ਅਤੇ ਕਲਰਕ ਵਜੋਂ ਕੰਮ ਕਰ ਰਹੇ ਹਨ। ਉਸ ਨੇ ਕੋਈ ਛੁੱਟੀ ਵੀ ਨਹੀਂ ਲਈ ਅਤੇ ਜੇਲ੍ਹ ਵਿੱਚ ਉਨ੍ਹਾਂ ਦਾ ਆਚਰਣ ਚੰਗਾ ਰਿਹਾ ਹੈ। ਉਨ੍ਹਾਂ ਦੀ ਰਿਹਾਈ ਦੇ ਜਸ਼ਨ ਮਨਾਉਣ ਲਈ ਸਿੱਧੂ ਦੇ ਕਰੀਬੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰਿਵਾਰ ਵੀ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੈ।
ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰਕ ਮਿੱਤਰ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਿੱਧੂ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਸਿੱਧੂ ਦੀ ਰਿਹਾਈ ਦੀ ਸਾਰੀ ਪ੍ਰਕਿਰਿਆ ਵੀ ਦੱਸੀ।ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਪਟਿਆਲਾ ਦੇ ਕਾਂਗਰਸੀ ਆਗੂਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੀ ਪੁਸ਼ਟੀ ਕਾਂਗਰਸ ਦੇ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਲਾਲੀ ਨੇ ਕੀਤੀ ਹੈ। ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਨਿਯਮਾਂ ਮੁਤਾਬਕ ਕੈਦੀਆਂ ਦੀ ਰਿਹਾਈ ਲਈ ਦਿੱਤੀ ਗਈ ਛੋਟ ਵਿੱਚ ਸਿੱਧੂ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ।