ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਤਾਂ ਬਹੁਤ ਸਾਰੇ ਲੋਕਾਂ ਨੇ ਫਾਈਨਲ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਦਾ ਸੁਪਨਾ ਦੇਖਿਆ ਸੀ। ਪਾਕਿਸਤਾਨ ਫਾਈਨਲ ‘ਚ ਪਹੁੰਚ ਗਿਆ ਪਰ ਭਾਰਤੀ ਟੀਮ ਨੂੰ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ 10 ਵਿਕਟਾਂ ਨਾਲ ਹਾਰ ਮਿਲੀ ਤੇ ਟੀਮ ਫਾਈਨਲ ‘ਚ ਨਹੀਂ ਜਾ ਸਕੀ। ਭਾਰਤ ਦੀ ਇਸ ਹਾਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਟਵੀਟ ਕਰਕੇ ਭਾਰਤ ‘ਤੇ ਤੰਜ ਕਸਿਆ ਸੀ। ਹੁਣ ਸਾਬਕਾ ਭਾਰਤੀ ਖਿਡਾਰੀ ਇਰਫਾਨ ਪਠਾਨ ਨੇ ਪਾਕਿਸਤਾਨ ਦੇ ਪੀਐਮ ਨੂੰ ਕਰਾਰਾ ਜਵਾਬ ਦਿੱਤਾ ਹੈ।
ਭਾਰਤ ਨੇ ਇੰਗਲੈਂਡ ਖਿਲਾਫ 168 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 170 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤੋਂ ਬਾਅਦ ਪਾਕਿਸਤਾਨ ਦੇ ਪੀਐਮ ਨੇ ਟਵੀਟ ਕੀਤਾ ਸੀ, “ਇਸ ਲਈ ਇਸ ਐਤਵਾਰ, 152/0 ਬਨਾਮ 170/0 ਹੋਵੇਗਾ।” ਦਰਅਸਲ, ਪਾਕਿਸਤਾਨ ਨੇ ਪਿਛਲੇ ਸਾਲ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ ਅਤੇ ਉਸਦਾ ਸਕੋਰ 152/0 ਸੀ। ਕਿਸੇ ਵੀ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਭਾਰਤ ‘ਤੇ ਇਹ ਪਹਿਲੀ ਜਿੱਤ ਸੀ।
ਸ਼ਰੀਫ ਨੇ ਇਹ ਟਵੀਟ 10 ਨਵੰਬਰ ਨੂੰ ਕੀਤਾ ਸੀ, ਜਿਸ ਦਿਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਇਰਫਾਨ ਪਠਾਨ ਨੇ ਸ਼ਨੀਵਾਰ ਨੂੰ ਸਭ ਤੋਂ ਵਧੀਆ ਜਵਾਬ ਦਿੱਤਾ ਹੈ ਅਤੇ ਸ਼ਰੀਫ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦੇਣ। ਇਰਫਾਨ ਨੇ ਲਿਖਿਆ, ”ਇਹੀ ਤੁਹਾਡੇ ਅਤੇ ਸਾਡੇ ‘ਚ ਫਰਕ ਹੈ। ਅਸੀਂ ਆਪਣੀ ਖੁਸ਼ੀ ਵਿੱਚ ਖੁਸ਼ ਹਾਂ ਅਤੇ ਤੁਸੀਂ ਦੂਜਿਆਂ ਦੇ ਦੁੱਖਾਂ ਤੋਂ। ਇਸੇ ਲਈ ਤੁਹਾਡਾ ਆਪਣੇ ਦੇਸ਼ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀਂ ਹੈ।”