ਟੀ-20 ਵਿਸ਼ਵ ਕੱਪ 2022 ਦੇ ਸੁਪਰ 12 ‘ਚ ਪਹਿਲਾ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਦਰਅਸਲ ਆਇਰਲੈਂਡ ਨੇ ਇੰਗਲੈਂਡ ਨੂੰ ਹਰਾ ਦਿੱਤਾ ਹੈ। ਆਇਰਲੈਂਡ ਨੇ 5 ਦੌੜਾਂ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ ਹੈ। ਇੰਗਲੈਂਡ ਖਿਲਾਫ ਟੀ-20 ਕ੍ਰਿਕਟ ‘ਚ ਇਹ ਉਸ ਦੀ ਪਹਿਲੀ ਜਿੱਤ ਹੈ। ਇਸ ਮੈਚ ਰਾਹੀਂ ਦੋਵੇਂ ਟੀਮਾਂ ਦੂਜੀ ਵਾਰ ਟੀ-20 ਵਿੱਚ ਆਹਮੋ-ਸਾਹਮਣੇ ਹੋਈਆਂ ਸਨ। ਇਸ ਤੋਂ ਪਹਿਲਾਂ ਖੇਡਿਆ ਗਿਆ ਪਹਿਲਾ ਮੈਚ ਬੇਨਤੀਜਾ ਰਿਹਾ ਸੀ। ਇਸ ਦੇ ਨਾਲ ਹੀ ਹੁਣ ਦੂਜਾ ਮੈਚ ਆਇਰਲੈਂਡ ਦੇ ਨਾਂ ਹੋ ਗਿਆ ਹੈ।
ਇੰਗਲੈਂਡ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਈ। ਕਪਤਾਨ ਬਟਲਰ ਖਾਤਾ ਵੀ ਨਹੀਂ ਖੋਲ੍ਹ ਸਕੇ। ਐਲੇਕਸ ਹੇਲਸ ਵੀ 7 ਦੌੜਾਂ ਬਣਾ ਕੇ ਆਊਟ ਹੋ ਗਏ। ਬੇਨ ਸਟੋਕਸ ਦਾ ਕੰਮ ਵੀ 6 ਦੌੜਾਂ ‘ਤੇ ਪੂਰਾ ਹੋ ਗਿਆ। ਡੇਵਿਡ ਮਲਾਨ ਨੇ 35 ਦੌੜਾਂ ਬਣਾਈਆਂ ਪਰ ਮਲਾਨ ਨੇ 37 ਗੇਂਦਾਂ ਖੇਡੀਆਂ। ਹੈਰੀ ਬਰੂਕ ਨੇ 18 ਦੌੜਾਂ ਬਣਾਈਆਂ। ਮੋਈਨ ਅਲੀ-24 ਅਤੇ ਲਿਆਮ ਲਿਵਿੰਗਸਟਨ 1 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਪਰ ਇਸ ਤੋਂ ਬਾਅਦ ਮੀਂਹ ਨੇ ਦਸਤਕ ਦਿੱਤੀ ਅਤੇ ਇੰਗਲੈਂਡ ਨੂੰ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਇਰਲੈਂਡ ਨੇ ਡਕਵਰਥ ਲੁਈਸ ਨਿਯਮ ਅਨੁਸਾਰ ਇਤਿਹਾਸਕ ਜਿੱਤ ਦਰਜ ਕੀਤੀ।