ਵੀਰਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਇੱਥੇ ਇਹ 40 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਔਰਤਾਂ ਸਟੇਡੀਅਮ ਵਿੱਚ ਪਹੁੰਚੀਆਂ ਅਤੇ ਘਰੇਲੂ ਫੁੱਟਬਾਲ ਮੈਚ ਦੇਖਿਆ। ਇਹ ਮੈਚ ਤਹਿਰਾਨ ਦੇ ਅਜ਼ਾਦੀ ਸਟੇਡੀਅਮ ‘ਚ ਖੇਡਿਆ ਗਿਆ ਸੀ। ਇਹ ਤਹਿਰਾਨ ਦੇ ਐਸਟੇਗਲਾਲ ਫੁੱਟਬਾਲ ਕਲੱਬ ਅਤੇ ਕੇਰਮਨ ਸਿਟੀ ਦੇ ਸਨਤ ਮੇਸ ਕਰਮਨ ਫੁੱਟਬਾਲ ਕਲੱਬ ਵਿਚਕਾਰ ਖੇਡਿਆ ਗਿਆ ਇੱਕ ਪੇਸ਼ੇਵਰ ਲੀਗ ਮੈਚ ਸੀ। ਸਟੇਡੀਅਮ ਵਿੱਚ ਔਰਤਾਂ ਅਤੇ ਮਰਦਾਂ ਦੇ ਬੈਠਣ ਦਾ ਪ੍ਰਬੰਧ ਵੱਖਰਾ ਸੀ। ਇੱਥੋਂ ਤੱਕ ਕਿ ਪ੍ਰਵੇਸ਼ ਦੁਆਰ ਵੀ ਵੱਖਰੇ ਸਨ। ਅਜ਼ਾਦੀ ਸਟੇਡੀਅਮ ਦੀ ਕਾਰ ਪਾਰਕਿੰਗ ਨਾਲ ਜੁੜੇ ਵਿਸ਼ੇਸ਼ ਪ੍ਰਵੇਸ਼ ਦੁਆਰ ਰਾਹੀਂ ਔਰਤਾਂ ਨੂੰ ਸਟੇਡੀਅਮ ਵਿੱਚ ਦਾਖ਼ਲਾ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਔਰਤਾਂ ਦੇ ਖੇਡ ਸਟੇਡੀਅਮਾਂ ‘ਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਰਾਸ਼ਟਰੀ ਟੀਮ ਦੇ ਕੁੱਝ ਮੈਚਾਂ ‘ਚ ਮਹਿਲਾ ਦਰਸ਼ਕਾਂ ਨੂੰ ਐਂਟਰੀ ਮਿਲੀ। ਉਦਾਹਰਣ ਦੇ ਤੌਰ ‘ਤੇ ਜਦੋਂ ਈਰਾਨ ਨੇ ਇਸ ਸਾਲ ਨਵੰਬਰ ‘ਚ ਹੋਣ ਵਾਲੇ ਕਤਰ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਤਾਂ ਇਸ ਖਾਸ ਪਲ ਨੂੰ ਦੇਖਣ ਲਈ ਔਰਤਾਂ ਨੂੰ ਵੀ ਸਟੇਡੀਅਮ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸਾਲ 2019 ‘ਚ ਹਜ਼ਾਰਾਂ ਔਰਤਾਂ ਨੂੰ ਈਰਾਨ ਅਤੇ ਕੰਬੋਡੀਆ ਵਿਚਾਲੇ ਵਿਸ਼ਵ ਕੱਪ ਕੁਆਲੀਫਾਇਰ ਦੇਖਣ ਦੀ ਇਜਾਜ਼ਤ ਦਿੱਤੀ ਗਈ ਸੀ। ਫੀਫਾ ਅਤੇ ਮਨੁੱਖੀ ਅਧਿਕਾਰ ਸਮੂਹਾਂ ਦੇ ਦਬਾਅ ਤੋਂ ਬਾਅਦ ਈਰਾਨ ਨੇ ਔਰਤਾਂ ਨੂੰ ਸਟੇਡੀਅਮ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਫੀਫਾ ਲੰਬੇ ਸਮੇਂ ਤੋਂ ਈਰਾਨ ‘ਤੇ ਮਹਿਲਾਵਾਂ ਦੀ ਫੁੱਟਬਾਲ ਸਟੇਡੀਅਮਾਂ ‘ਚ ਦਾਖਲੇ ਲਈ ਕਾਫੀ ਦਬਾਅ ਬਣਾ ਰਿਹਾ ਸੀ।