ਸਾਊਦੀ ਅਰਬ ਦੇ ਜੇਦਾਹ (Jeddah) ਵਿੱਚ ਅੱਜ ਤੋਂ ਸ਼ੁਰੂ ਹੋਈ ਮੈਗਾ ਨਿਲਾਮੀ ਵਿੱਚ ਪਹਿਲੇ ਦਿਨ ਦੀ ਰੋਮਾਂਚਕ ਕਾਰਵਾਈ ਪੂਰੀ ਹੋ ਗਈ ਹੈ। ਨਿਲਾਮੀ ਦੀ ਸ਼ੁਰੂਆਤ ‘ਚ ਸਭ ਤੋਂ ਜ਼ਬਰਦਸਤ ਮੁਕਾਬਲਾ ਹੋਇਆ, ਜਿੱਥੇ 12 ਮਾਰਕੀ ਖਿਡਾਰੀਆਂ ਲਈ ਜ਼ਬਰਦਸਤ ਬੋਲੀ ਲੱਗੀ ਅਤੇ ਉਮੀਦ ਮੁਤਾਬਿਕ ਰਿਸ਼ਭ ਪੰਤ ਸਭ ਤੋਂ ਮਹਿੰਗਾ ਖਿਡਾਰੀ ਬਣ ਕੇ ਉਭਰਿਆ। ਪੰਤ ਨੂੰ 27 ਕਰੋੜ ਰੁਪਏ ‘ਚ ਖਰੀਦ ਕੇ ਲਖਨਊ ਸੁਪਰ ਜਾਇੰਟਸ ਨੇ IPL ਦੇ 17 ਸਾਲਾਂ ਦੇ ਇਤਿਹਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਦਕਿ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ। ਕੁਝ ਸਮੇਂ ਤੱਕ ਅਈਅਰ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ ਪਰ ਫਿਰ ਪੰਤ ਨੇ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ। ਪਹਿਲੇ ਦਿਨ ਪੰਜਾਬ ਨੇ ਸਭ ਤੋਂ ਵੱਧ 88 ਕਰੋੜ ਰੁਪਏ ਖਰਚ ਕਰਕੇ 10 ਖਿਡਾਰੀ ਖਰੀਦੇ। ਪਹਿਲੇ ਦਿਨ ਕੁੱਲ 84 ਖਿਡਾਰੀਆਂ ਦੀ ਬੋਲੀ ਲੱਗੀ, ਜਿਸ ਵਿੱਚੋਂ 72 ਖਿਡਾਰੀਆਂ ਨੂੰ ਖਰੀਦਿਆ ਗਿਆ। ਜਦਕਿ ਅਰਸ਼ਦੀਪ ਸਿੰਘ ਦੀ ਇੱਕ ਵਾਰ ਫਿਰ ਪੰਜਾਬ ਕਿੰਗਜ਼ ਵਿੱਚ ਵਾਪਸੀ ਹੋਈ ਹੈ। ਪੰਜਾਬ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ 18 ਕਰੋੜ ਰੁਪਏ ਦੀ ਬੋਲੀ ‘ਤੇ ਆਰਟੀਐਮ ਦੀ ਵਰਤੋਂ ਕੀਤੀ ਅਤੇ ਅਰਸ਼ਦੀਪ ਨੂੰ ਖਰੀਦਿਆ। ਇਸ ਨਾਲ ਉਹ ਸਭ ਤੋਂ ਮਹਿੰਗਾ ਭਾਰਤੀ ਖਿਡਾਰੀ ਬਣ ਗਿਆ ਹੈ।