ਇੰਡੀਅਨ ਪ੍ਰੀਮੀਅਰ ਲੀਗ (IPL) ਦੇ 15ਵੇਂ ਸੀਜ਼ਨ ਯਾਨੀ IPL 2022 ‘ਚ ਪੁਰਾਣੀਆਂ ਅੱਠ ਟੀਮਾਂ ਨੂੰ ਆਪਣੇ ਪੁਰਾਣੇ ਚਾਰ ਖਿਡਾਰੀਆਂ ਨੂੰ ਰਿਟੇਨ ਰੱਖਣ ਦੀ ਇਜਾਜ਼ਤ ਹੋਵੇਗੀ। ਇਸ ਦਾ ਮਤਲਬ ਹੈ ਕਿ ਪੁਰਾਣੀਆਂ ਅੱਠ ਟੀਮਾਂ ਪਿਛਲੇ ਸੀਜ਼ਨ ਦੇ ਚਾਰ ਖਿਡਾਰੀਆਂ ਨੂੰ ਰਿਟੇਨ ਕਰ ਸਕਣਗੀਆਂ। ਇਸ ਅਨੁਸਾਰ ਤਿੰਨ ਭਾਰਤੀ ਅਤੇ ਇੱਕ ਵਿਦੇਸ਼ੀ, ਜਾਂ ਦੋ ਭਾਰਤੀ ਅਤੇ ਦੋ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਸ ਦੇ ਨਾਲ ਹੀ ਬਾਕੀ ਖਿਡਾਰੀਆਂ ਨੂੰ ਨਿਲਾਮੀ ਪੂਲ ਵਿੱਚ ਭੇਜਣਾ ਹੋਵੇਗਾ। ਹਾਲਾਂਕਿ, ਦੋ ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ ਨਿਲਾਮੀ ਤੋਂ ਪਹਿਲਾਂ ਬਾਕੀ ਪਲੇਅਰ ਪੂਲ ਵਿੱਚੋਂ ਤਿੰਨ ਖਿਡਾਰੀਆਂ ਨੂੰ ਚੁਣ ਸਕਣਗੀਆਂ।
ਇਹ ਗੱਲ ਇੱਕ ਰਿਪੋਰਟ ‘ਚ ਕਹੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਆਈਪੀਐਲ 2022 ਦੀ ਨਿਲਾਮੀ ਲਈ ਅਧਿਕਾਰਤ ਤਾਰੀਖ ਦਾ ਐਲਾਨ ਕਰਨਾ ਅਜੇ ਬਾਕੀ ਹੈ, ਪਰ ਰਿਪੋਰਟਾਂ ਦੇ ਅਨੁਸਾਰ, ਨਿਲਾਮੀ ਦਸੰਬਰ ਵਿੱਚ ਹੋਵੇਗੀ। ਇੱਕ ਕ੍ਰਿਕੇਟ ਵੈੱਬਸਾਈਟ ਦੇ ਮੁਤਾਬਕ, IPL ਅਧਿਕਾਰੀਆਂ ਨੇ ਇਸ ਹਫਤੇ ਸਾਰੀਆਂ ਫ੍ਰੈਂਚਾਇਜ਼ੀ ਨਾਲ ਗੈਰ-ਰਸਮੀ ਗੱਲਬਾਤ ‘ਚ ਇਨ੍ਹਾਂ ਨਿਯਮਾਂ ਨੂੰ ਸਪੱਸ਼ਟ ਕੀਤਾ ਹੈ। ਇਸ ਦੇ ਨਾਲ ਹੀ ਇਸ ਸਾਲ ਦੀ ਨਿਲਾਮੀ ਵਿੱਚ ਕਿਸੇ ਵੀ ਟੀਮ ਨੂੰ ਆਰਟੀਐਮ (ਰਾਈਟ ਟੂ ਮੈਚ) ਦੀ ਸਹੂਲਤ ਨਹੀਂ ਮਿਲੇਗੀ। ਪਹਿਲੀ ਵਾਰ ਇਸ ਨਿਯਮ ਨੂੰ ਹਟਾਇਆ ਗਿਆ ਹੈ।