ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਇਸ ਖਿਡਾਰੀ ਨੂੰ 24 ਕਰੋੜ, 75 ਲੱਖ ਰੁਪਏ ਦੇ ਕੇ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੋਲਕਾਤਾ ਤੋਂ ਇਲਾਵਾ ਗੁਜਰਾਤ ਟਾਈਟਨਸ ਨੇ ਵੀ ਇਸ ਖਿਡਾਰੀ ਲਈ 24.50 ਕਰੋੜ ਰੁਪਏ ਤੱਕ ਦੀ ਬੋਲੀ ਲਗਾਈ ਸੀ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਹੋਈ ਨਿਲਾਮੀ ਵਿੱਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20.50 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਸਟਾਰਕ ਨੇ ਕੁੱਝ ਹੀ ਸਮੇਂ ਵਿੱਚ ਕਮਿੰਸ ਦਾ ਰਿਕਾਰਡ ਤੋੜ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਪਿਛਲੇ 8 ਸਾਲਾਂ ਤੋਂ IPL ‘ਚ ਨਹੀਂ ਖੇਡਿਆ ਸੀ। ਇਸ ਵਾਰ ਸਟਾਰਕ ਨੇ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ‘ਤੇ IPL ‘ਚ ਆਪਣਾ ਨਾਂ ਦਰਜ ਕਰਵਾਇਆ ਸੀ। ਜਦੋਂ ਆਈਪੀਐਲ 2024 ਦੀ ਨਿਲਾਮੀ ਵਿੱਚ ਸਟਾਰਕ ਦਾ ਨਾਮ ਆਇਆ ਤਾਂ ਦਿੱਲੀ ਕੈਪੀਟਲਸ ਨੇ ਸਭ ਤੋਂ ਪਹਿਲਾਂ ਸਟਾਰਕ ਦੇ ਨਾਮ ‘ਤੇ ਬੋਲੀ ਲਗਾਉਣੀ ਸ਼ੁਰੂ ਕੀਤੀ। ਦਿੱਲੀ ਦੇ ਨਾਲ-ਨਾਲ ਮੁੰਬਈ ਇੰਡੀਅਨਜ਼ ਨੇ ਵੀ ਸਟਾਰਕ ਲਈ ਕਾਫੀ ਬੋਲੀ ਲਗਾਈ ਪਰ ਇਸ ਤੋਂ ਬਾਅਦ ਮਿਸ਼ੇਲ ਸਟਾਰਕ ਲਈ ਅਸਲੀ ਜੰਗ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਸ਼ੁਰੂ ਹੋ ਗਈ। ਕੋਲਕਾਤਾ ਅਤੇ ਗੁਜਰਾਤ ਦੋਵਾਂ ਟੀਮਾਂ ਕੋਲ 31 ਕਰੋੜ ਰੁਪਏ ਤੋਂ ਵੱਧ ਸਨ, ਇਸ ਲਈ ਦੋਵਾਂ ਨੇ 20 ਕਰੋੜ ਰੁਪਏ ਤੋਂ ਉੱਪਰ ਤੱਕ ਨਾਨ-ਸਟਾਪ ਬੋਲੀ ਲਗਾਈ।