ਪੰਜਾਬ ਕਿੰਗਜ਼ ਨੇ IPL 2023 ਲਈ ਕਪਤਾਨ ਬਦਲਣ ਦਾ ਵੱਡਾ ਫੈਸਲਾ ਕੀਤਾ ਹੈ। ਟੀਮ ਨੇ ਮਯੰਕ ਅਗਰਵਾਲ ਦੀ ਜਗ੍ਹਾ ਸ਼ਿਖਰ ਧਵਨ ਨੂੰ ਕਪਤਾਨੀ ਸੌਂਪੀ ਹੈ। ਬੁੱਧਵਾਰ ਨੂੰ ਪੰਜਾਬ ਕਿੰਗਜ਼ ਫਰੈਂਚਾਈਜ਼ੀ ਦੀ ਬੋਰਡ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਕਿੰਗਜ਼ ਨੇ ਟਵੀਟ ਕਰਕੇ ਕਿਹਾ- ਗੱਬਰ ਪੰਜਾਬ ਕਿੰਗਜ਼ ਦੇ ਸਿਖਰ ‘ਤੇ ਹੋਣਗੇ। ਨਵੇਂ ਕਪਤਾਨ ਦਾ ਸੁਆਗਤ ਹੈ। ਪਿਛਲੇ ਸੀਜ਼ਨ ਵਿੱਚ ਧਵਨ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਵਿਚਾਰ ਪਿਛਲੇ ਕਾਫੀ ਸਮੇਂ ਤੋਂ ਫਰੈਂਚਾਇਜ਼ੀ ਵਿੱਚ ਚੱਲ ਰਿਹਾ ਸੀ।
ਨਿਲਾਮੀ ਲਈ ਜਾਰੀ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਸੂਚੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 15 ਨਵੰਬਰ ਹੈ। ਨਿਲਾਮੀ ਦਸੰਬਰ ਦੇ ਤੀਜੇ ਹਫ਼ਤੇ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਮਯੰਕ ਅਗਰਵਾਲ ਦੀ ਜਗ੍ਹਾ ਧਵਨ ਨੂੰ ਕਪਤਾਨੀ ਸੌਂਪਣ ਪਿੱਛੇ ਸਫੇਦ ਗੇਂਦ ਕ੍ਰਿਕਟ ‘ਚ ਧਵਨ ਦਾ ਵਧਦਾ ਕੱਦ ਹੈ। ਧਵਨ ਭਾਰਤ ਲਈ ਵਨਡੇ ਟੀਮ ਦੀ ਕਪਤਾਨੀ ਵੀ ਕਰ ਰਹੇ ਹਨ। ਹਾਲ ਹੀ ‘ਚ ਧਵ ਨੂੰ ਨਿਊਜ਼ੀਲੈਂਡ ‘ਚ ਵਨਡੇ ਸੀਰੀਜ਼ ਲਈ ਵੀ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਬੰਧਨ ਚਾਹੁੰਦਾ ਹੈ ਕਿ ਧਵਨ ਅਤੇ ਜੌਨੀ ਬੇਅਰਸਟੋ ਨਿਯਮਿਤ ਰੂਪ ਨਾਲ ਓਪਨਿੰਗ ਕਰਨ। ਖੁਦ ਮਯੰਕ ਦੇ ਸਲਾਮੀ ਬੱਲੇਬਾਜ਼ ਹੋਣ ਕਾਰਨ ਕਪਤਾਨ ਬਣਨ ਤੋਂ ਇਲਾਵਾ ਬੱਲੇਬਾਜ਼ੀ ਕ੍ਰਮ ‘ਤੇ ਫੈਸਲਾ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ।
ਮਯੰਕ ਪਿਛਲੇ ਸਾਲ ਫਰੈਂਚਾਇਜ਼ੀ ਦੇ ਦੋ ਰਿਟੇਨਸ਼ਨਾਂ ਵਿੱਚੋਂ ਇੱਕ ਸੀ। ਮਯੰਕ ਨੂੰ 14 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਸੀ। ਭਾਰਤੀ ਸਲਾਮੀ ਬੱਲੇਬਾਜ਼ ਨੇ 12 ਪਾਰੀਆਂ ਵਿੱਚ 16.33 ਦੀ ਔਸਤ ਨਾਲ ਸਿਰਫ਼ 196 ਦੌੜਾਂ ਬਣਾਈਆਂ ਸਨ। ਇਸ ਦੇ ਉਲਟ ਬੇਅਰਸਟੋ ਨੇ 11 ਮੈਚਾਂ ਵਿੱਚ 23 ਦੀ ਔਸਤ ਨਾਲ 253 ਦੌੜਾਂ ਬਣਾਈਆਂ। ਧਵਨ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ। ਧਵਨ ਨੇ 14 ਮੈਚਾਂ ਵਿੱਚ 38.33 ਦੀ ਔਸਤ ਨਾਲ 460 ਦੌੜਾਂ ਬਣਾਈਆਂ ਸਨ।
ਮਯੰਕ ਨੂੰ ਰਿਲੀਜ਼ ਕੀਤਾ ਜਾਵੇਗਾ ਜਾਂ ਨਹੀਂ, ਇਸ ਦਾ ਫੈਸਲਾ ਸੀਰੀਜ਼ ਲਈ ਬੇਅਰਸਟੋ ਦੀ ਉਪਲਬਧਤਾ ਬਾਰੇ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੀਤਾ ਜਾਵੇਗਾ। ਉਸਦੀ ਸੱਟ ਸਪੱਸ਼ਟ ਤੌਰ ‘ਤੇ ਬਹੁਤ ਗੰਭੀਰ ਹੈ ਅਤੇ ਆਈਪੀਐਲ ਵਿੱਚ ਉਸਦੀ ਭਾਗੀਦਾਰੀ ਦੀ ਗਾਰੰਟੀ ਨਹੀਂ ਹੈ। ਫਰੈਂਚਾਇਜ਼ੀ ਦੇ ਇੱਕ ਸੂਤਰ ਨੇ ਕਿਹਾ, “ਅਸੀਂ ਮਯੰਕ ਨੂੰ ਰਿਲੀਜ਼ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਾਂਗੇ।” ਸੰਯੋਗ ਨਾਲ, ਮੁੱਖ ਕੋਚ ਦੇ ਤੌਰ ‘ਤੇ ਅਨਿਲ ਕੁੰਬਲੇ ਦਾ ਤਿੰਨ ਸਾਲ ਦਾ ਇਕਰਾਰਨਾਮਾ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਖਤਮ ਹੋਣ ਤੋਂ ਬਾਅਦ ਰੀਨਿਊ ਨਹੀਂ ਕੀਤਾ ਗਿਆ ਸੀ।